ਅੰਮ੍ਰਿਤਸਰ, 12 ਜਨਵਰੀ (ਸੁਖਵਿੰਦਰਜੀਤ ਬਹੋੜੂ) : ਪੰਜਾਬ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਖੱਬੇ ਪੱਖੀ ਦਲਾਂ ਨੂੰ ਛੱਡ ਕੇ ਬਾਕੀ ਸੱਭ ਸਿਆਸੀ ਦਲਾਂ ’ਚ ਦਲ-ਬਦਲੀਆਂ ਬੇਹੱਦ ਹੋ ਰਹੀਆਂ। ਭਾਰਤੀ ਰਾਜਨੀਤੀ ’ਚ ਬੇਸ਼ੁਮਾਰ ਨਾਕਾਰਾਤਮਕ ਪ੍ਰ੍ਰਵਿਰਤੀਆਂ ਨੇ ਜਨਮ ਲਿਆ ਹੈ। ਇਨ੍ਹਾਂ ਵਿਚ ਸਿਆਸੀ ਭ੍ਰਿਸ਼ਟਾਚਾਰ ਵੀ ਇਕ ਹੈ।
ਸਿਆਸੀ ਪੰਡਤਾਂ ਮੁਤਾਬਕ ਦਲ-ਬਦਲੀਆਂ ਚੋਟੀ ਦੇ ਸਿਆਸਤਦਾਨ, ਮੰਤਰੀ ਆਮ ਜਨਤਾ ਤੇ ਟੀ.ਵੀ. ਸਾਹਮਣੇ ਬੜੇ ਟੌੌਹਰ-ਟਪਕੇ ਨਾਲ ਕਰਵਾ ਰਹੇ ਹਨ। ਇਹ ਵੇਖਿਆ ਜਾ ਰਿਹਾ ਹੈ ਕਿ ਪਾਰਟੀਆਂ ਛੱਡਣ ਵਾਲਿਆਂ ’ਚ ਬੁੱਧੀਜੀਵੀ, ਪਿ੍ਰੰਸੀਪਲ, ਪ੍ਰੋਫ਼ੈਸਰ ਅਤੇ ਉਹ ਸਿਆਸਤਦਾਨ ਹਨ, ਜਿਨ੍ਹਾਂ ਮੁਲਕ ਦੇ ਲੋਕਾਂ ਦੀ ਤਕਦੀਰ ਬਦਲਣੀ ਹੈ। ਇਹ ਦਲ-ਬਦਲੀਆਂ ਟਿਕਟਾਂ ਲੈੈਣ, ਉੱਚ ਅਹੁਦੇ ਪ੍ਰਾਪਤ ਕਰਨ ਅਤੇ ਹੋਰ ਨਿਜੀ ਮੁਫ਼ਾਦਾਂ ਵਾਸਤੇ ਅਖੌਤੀ ਸਿਆਸਤਦਾਨ ਮੌਕਾ ਪ੍ਰਸਤੀ ਨੂੰ ਪੱਠੇ ਪਾ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਸਿੱਖ ਲੀਡਰਸ਼ਿਪ ਨੇ ਭਾਜਪਾ ਅਤੇ ਹੋਰ ਨੇਤਾ ਆਮ ਆਦਮੀ ਪਾਰਟੀ ’ਚ ਜਾ ਚੁੱਕੇ ਹਨ ਤੇ ਬਾਕੀਆਂ ਦੀ ਲਾਈਨ ਲੱਗੀ ਹੈ।
ਮਾਹਰਾਂ ਅਨੁਸਾਰ ਭਾਜਪਾ ਸਿੱਖ ਚਿਹੇਰ ਨੂੰ ਤਰਸਦੀ ਸੀ, ਪਰ ਉਸ ਦੀ ਇਹ ਕਿੱਲਤ ਕਾਫ਼ੀ ਹੱਦ ਤਕ ਘੱਟ ਹੋ ਗਈ ਹੈ। ਇਹ ਸਿਲਸਿਲਾ ਨਾਮਜ਼ਦਗੀਆਂ ਤਕ ਚਲਣਾ ਹੈ। ਇਨ੍ਹਾਂ ਦਲਬਦਲੂ ਨੇਤਾਵਾਂ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰ ਦਿਤਾ ਹੈ ਜਿਸ ਲਈ ਸੱਭ ਸਿਆਸੀ ਦਲਾਂ ਦੀਆਂ ਹਾਈ-ਕਮਾਂਡ ਜ਼ੁੰਮੇਵਾਰ ਹਨ ਜੋ ਹਰ ਹੀਲੇ ਵਸੀਲੇ ਸੱਤਾ ’ਤੇ ਕਾਬਜ਼ ਹੋਣ ਲਈ, ਅਪਣੇ ਉੱਚ ਅਹੁਦਿਆਂ ਦੀ ਦੁਰਵਰਤੋਂ ਕਰ ਰਹੇ ਹਨ। ਪੰਜਾਬ ਦੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਭਾਜਪਾ ਜਾਂ ਆਪ ਨਾਲੋਂ ਘੱਟ ਨਹੀਂ, ਇਨ੍ਹਾਂ ਹੀ ਰਾਜਨੀਤੀ ਦੇ ਪਵਿੱਤਰ ਸਿਧਾਤਾਂ ਨੂੰ ਖੋਰਾ ਲਾਇਆ ਹੈ।
ਸੁਚੇਤ ਵਰਗ ਦਾ ਕਹਿਣਾ ਹੈ ਕਿ ਸਮੂਹ ਸਿਆਸੀ ਦਲ, ਬੇਰੁਜ਼ਗਾਰੀ, ਮਹਿੰਗਾਈ, ਲੋਕਾਂ ਦੀ ਅਰਥ ਵਿਵਸਥਾ ਮਜ਼ਬੂਤ ਕਰਨ, ਵੱਢੀ—ਖੋਰੀ ਦੇ ਖ਼ਾਤਮੇ, ਮਾਫ਼ੀਆ ਟੋਲਿਆਂ ਤੋਂ ਛੁਟਕਾਰਾ ਪਾਉਣ ਲਈ ਬੜੀਆਂ ਫੜਾਂ ਮਾਰ ਰਹੇ ਹਨ ਪਰ ਖ਼ੁਦ ਮੌਕਾਪ੍ਰਸਤੀ ਦਾ ਸਬੂਤ ਅਤੀਤ ’ਚ ਦੇਣ ਕਾਰਨ, ਲੋਕ ਪਰਖੀ ਲੀਡਰਸ਼ਿਪ ਤੋਂ ਤੰਗ ਹਨ ਪਰ ਬਦਲਾਅ ਦੀ ਕੋਈ ਆਸ ਨਹੀਂ। ਭਾਈ—ਭਤੀਜਾਵਾਦ ਕੁੱਝ ਸਿਆਸੀ ਪ੍ਰਵਾਰਾਂ ਦਾ ਕਿਤਾ ਬਣ ਗਿਆ ਹੈ। ਮੰਤਰੀਆਂ, ਉੱਚ ਅਧਿਕਾਰੀਆਂ, ਸਿਆਸਤਦਾਨਾਂ ਦੇ ਧੀਆਂ-ਪੱੁਤ ਸਿਆਸੀ ਸੱਤਾ ਦੇ ਗ਼ੈਰ ਸੰਵਿਧਾਨਕ ਕੇਂਦਰ ਬਣੇ ਚੁੱਕੇ ਹਨ। ਯੋਗ ਵਿਅਕਤੀਆਂ ਨੂੰ ਪ੍ਰਵਾਰਕ ਮਹੰਤ ਦੂਰ ਰੱਖ ਰਹੇ ਹਨ, ਜਿਸ ਕਾਰਨ ਲੋਕਾਂ ਦੀ ਤਕਦੀਰ ਬਦਲਣ ਦੀ ਆਸ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ।
image