ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਲਈ ਖਰੜ ਤੋਂ ਡੋਰ-ਟੂ-ਡੋਰ ਕੈਂਪੇਨ ਦੀ ਕੀਤੀ ਸ਼ੁਰੂਆਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਪਿੰਡ ਖਾਨਪੁਰ ਵਿਖੇ ਘਰ-ਘਰ ਜਾਕੇ ਲੋਕਾਂ ਨਾਲ ਕੀਤੀ ਮੁਲਾਕਾਤ, ਬਜ਼ੁਰਗਾਂ ਤੋਂ ਲਿਆ ਅਸ਼ੀਰਵਾਦ 

Kejriwal launches door-to-door campaign from Kharar for Assembly elections

-ਲੋਕਾਂ ਨੇ ਅਰਵਿੰਦ ਕੇਜਰੀਵਾਲ ਦਾ ਸਵਾਗਤ ਕੀਤਾ, ਉਨ੍ਹਾਂ ਦੀ ਜਿੱਤ ਦੀ ਕੀਤੀ ਕਾਮਨਾ 

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਘਰ-ਘਰ ਜਾਕੇ ਚੋਣ ਪ੍ਰਚਾਰ ਸੁਰੂ ਕੀਤਾ।

ਚੋਣ ਕਮਿਸ਼ਨ ਦੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ  ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਖਰੜ ਤੋਂ 'ਆਪ' ਉਮੀਦਵਾਰ ਅਨਮੋਲ ਗਗਨ ਮਾਨ ਨਾਲ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੰਜਾਬ ਲਈ ਪਾਰਟੀ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ।

ਖਰੜ ਦੇ ਪਿੰਡ ਖਾਨਪੁਰ ਵਿੱਚ ਲੋਕਾਂ ਨੇ ਥਾਂ-ਥਾਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਬਜ਼ੁਰਗਾਂ ਨੇ ਚੋਣਾਂ ਵਿੱਚ ਜਿੱਤ ਲਈ ਕੇਜਰੀਵਾਲ ਨੂੰ ਅਸ਼ੀਰਵਾਦ ਦਿੰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕੇਜਰੀਵਾਲ ਨੇ 'ਆਪ' ਪਾਰਟੀ ਦੀਆਂ ਯੋਜਨਾਵਾਂ ਅਤੇ ਗਰੰਟੀਆਂ ਨਾਲ ਸਬੰਧਤ ਪੈਂਫਲੇਟ ਲੋਕਾਂ ਨੂੰ ਵੰਡੇ ਅਤੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ 'ਤੇ ਸੁਰਜੀਤ ਬਣਾਉਣ, ਸੂਬੇ ਵਿੱਚ ਅਮਨ-ਸਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।

ਕੇਜਰੀਵਾਲ ਨੇ ਖਰੜ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਮੋਲ ਗਗਨ ਮਾਨ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 'ਡੋਰ-ਟੂ-ਡੋਰ' ਆਮ ਆਦਮੀ ਪਾਰਟੀ ਦੀਆਂ ਮਨਪਸੰਦ ਸਕੀਮਾਂ ਵਿੱਚੋਂ ਇੱਕ ਹੈ।

ਲੋਕਾਂ ਦੀ ਸਹੂਲਤ ਲਈ ਦਿੱਲੀ ਸਰਕਾਰ ਨੇ 'ਡੋਰ ਸਟੈਪ ਡਿਲੀਵਰੀ ਫਾਰ ਸਰਵਿਸਿਜ਼' ਸਕੀਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾਕੇ ਉਨਾਂ ਦਾ ਕੰਮ ਕਰਕੇ ਦਿੰਦੇ ਹਨ, ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਸਾਡੇ ਵਿਧਾਇਕ ਅਤੇ ਮੰਤਰੀ ਸਾਧਾਰਨ ਪਰਿਵਾਰਾਂ ਤੋਂ ਆਉਂਦੇ ਹਨ। ਇਸੇ ਲਈ ਉਨਾਂ ਨੂੰ ਆਮ ਲੋਕਾਂ ਦੇ ਦੁੱਖ-ਦਰਦ ਦੀ ਪੂਰੀ ਸਮਝ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਸੇਸ ਲੋਕ ਜਿਵੇਂ ਕਿ ਮੰਤਰੀ ਅਤੇ ਅਫ਼ਸਰਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਆਮ ਲੋਕਾਂ ਨੂੰ ਵੀ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 'ਆਪ' ਦਾ ਮਕਸਦ ਦੇਸ਼ ਦੇ ਹਰ 'ਆਮ' ਆਦਮੀ ਨੂੰ 'ਖ਼ਾਸ' ਬਣਾਉਣਾ ਹੈ।