PM ਮੋਦੀ ਦੀ ਸੁਰੱਖਿਆ ਦੇ ਮਾਮਲੇ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ 

ਏਜੰਸੀ

ਖ਼ਬਰਾਂ, ਪੰਜਾਬ

ਗਜੇਂਦਰ ਸਿੰਘ ਸ਼ੇਖਾਵਤ ਨੂੰ 'Z+' ਅਤੇ ਪਰਮਿੰਦਰ ਸਿੰਘ ਬਰਾੜ ਨੂੰ ਮਿਲੀ 'Y' ਸ਼੍ਰੇਣੀ ਦੀ ਸੁਰੱਖਿਆ

Gajender Singh Shekhawat gets 'Z+' and Parminder Singh Brar gets 'Y' category security

ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੂੰ ਕੇਂਦਰ ਨੇ Y+ ਸੁਰੱਖਿਆ 

ਚੰਡੀਗੜ੍ਹ : ਬੀਤੇ ਦਿਨੀ ਫਿਰੋਜ਼ਪੁਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਾਮਲੇ ਤੋਂ ਬਾਅਦ ਪੰਜਾਬ ਵਿੱਚ ਕੇਂਦਰ ਸਰਕਾਰ ਨੇ ਭਾਜਪਾ ਆਗੂਆਂ ਦੀ ਸੁਰੱਖਿਆ ਵਧਾ ਦਿਤੀ ਹੈ। ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਜਨਵਰੀ ਵਿੱਚ ਹੁਣ ਤੱਕ ਪੰਜ ਵੱਡੇ ਨੇਤਾਵਾਂ ਨੂੰ ਕੇਂਦਰ ਵੱਲੋਂ ਜ਼ੈੱਡ ਅਤੇ ਵਾਈ ਸ਼੍ਰੇਣੀ ਦੀ ਸੁਰੱਖਿਆ ਦਿਤੀ ਜਾ ਚੁੱਕੀ ਹੈ।

ਪੰਜਾਬ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਹੋਈ ਕੁਤਾਹੀ ਤੋਂ ਬਾਅਦ ਕੇਂਦਰ ਅਤੇ ਸੂਬਾ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਦੋਵਾਂ ਦੀਆਂ ਜਾਂਚ ਏਜੰਸੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਬਣੀ ਕਮੇਟੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੂਬੇ ਦੇ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਖ਼ੁਫ਼ੀਆ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਮੰਤਰਾਲੇ ਨੇ ਪੰਜਾਬ ਭਾਜਪਾ ਆਗੂਆਂ ਦੀ ਸੁਰੱਖਿਆ ਵਧਾਉਣੀ ਸ਼ੁਰੂ ਕਰ ਦਿੱਤੀ ਹੈ। 

ਬੁੱਧਵਾਰ ਨੂੰ ਕੇਂਦਰ ਨੇ ਪੰਜਾਬ ਚੋਣਾਂ ਲਈ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਸੁਰੱਖਿਆ ਵਧਾ ਕੇ ਜ਼ੈੱਡ ਪਲੱਸ ਕਰ ਦਿਤੀ ਹੈ। ਇਸ ਦੇ ਨਾਲ ਹੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਹਾਲ ਹੀ ਵਿਚ ਕੇਂਦਰ ਵਲੋਂ ਦੂਜੀਆਂ ਪਾਰਟੀਆਂ ਤੋਂ ਆਏ ਕੁਝ ਆਗੂਆਂ ਦੀ ਸੁਰੱਖਿਆ ਵੀ ਵਧਾ ਕੇ ਜ਼ੈੱਡ ਅਤੇ ਵਾਈ ਕਰ ਦਿਤੀ ਗਈ ਹੈ। ਕੇਂਦਰ ਨੇ ਇਹ ਫ਼ੈਸਲਾ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਵਧਾਨੀ ਵਜੋਂ ਲਿਆ ਹੈ।

ਦੱਸਣਯੋਗ ਹੈ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੂੰ ਕੇਂਦਰ ਨੇ Y+ ਸੁਰੱਖਿਆ ਦਿਤੀ ਹੈ। ਉਨ੍ਹਾਂ ਦੀ ਸੁਰੱਖਿਆ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਕੇਂਦਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਜ਼ੈੱਡ ਸੁਰੱਖਿਆ ਦਿੱਤੀ ਹੈ।