ਮੋਗਾ ਦੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਸਮਰਥਕਾਂ ਨਾਲ ਮੁੱਖ ਮੰਤਰੀ ਚੰਨੀ ਨੂੰ ਮਿਲੇ

ਏਜੰਸੀ

ਖ਼ਬਰਾਂ, ਪੰਜਾਬ

ਮੋਗਾ ਦੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਸਮਰਥਕਾਂ ਨਾਲ ਮੁੱਖ ਮੰਤਰੀ ਚੰਨੀ ਨੂੰ ਮਿਲੇ

image

ਮੋਰਿੰਡਾ/ਮੋਗਾ, 11 ਜਨਵਰੀ (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸੌੜ, ਪ੍ਰੇਮ ਹੈਪੀ) : ਅੱਜ ਮੋਰਿੰਡਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ’ਤੇ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਵਲੋਂ ਅਪਣੇ ਸਮਰਥਕਾਂ ਨਾਲ ਜਿਨ੍ਹਾਂ ਵਿਚ ਮੋਗਾ ਦੇ ਮੇਅਰ, ਡਿਪਟੀ ਮੇਅਰ, ਕੌਂਸਲਰ ਅਤੇ ਸਰਪੰਚ ਸ਼ਾਮਲ ਸਨ, ਨਾਲ ਪਹੁੰਚ ਕੇ ਸਮਾਜ ਸੇਵੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਕਾਂਗਰਸ ਪਾਰਟੀ ਵਲੋਂ ਮੋਗਾ ਤੋਂ ਟਿਕਟ ਦੀ ਦਾਅਵੇਦਾਰ ਬਣਾਏ ਜਾਣ ’ਤੇ ਖਦਸ਼ਾ ਪ੍ਰਗਟ ਕਰਦਿਆਂ ਜ਼ੋਰਦਾਰ ਵਿਰੋਧ ਜਤਾਇਆ ਗਿਆ। ਸਮੂਹ ਕਾਂਗਰਸੀ ਅਹੁਦੇਦਾਰਾਂ ਨੇ ਕਿਹਾ ਕਿ ਅਗਰ ਮੋਗਾ ਵਿਧਾਨ ਸਭਾ ਦੀ ਸੀਟ ਤੋਂ ਮਾਲਵਿਕਾ ਸੂਦ ਨੂੰ ਕਾਂਗਰਸ ਵਲੋਂ ਟਿਕਟ ਦਿਤੀ ਗਈ ਤਾਂ ਉਹ ਪਾਰਟੀ ਦੇ ਇਸ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਨਗੇ। ਮੋਗਾ ਦੇ ਵਿਧਾਇਕ ਅਪਣੇ ਸਮਰਥਕਾਂ ਨਾਲ ਲਗਭਗ ਸਾਢੇ ਤਿੰਨ ਘੰਟੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰੁਕੇ ਰਹੇ। 
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਵਿਧਾਇਕ ਡਾ. ਹਰਜੋਤ ਕਮਲ ਅਤੇ ਉਨ੍ਹਾਂ ਦੇ ਕੁੱਝ ਚੋਣਵੇਂ ਸਾਥੀਆਂ ਨੂੰ ਅੰਦਰ ਆਉਣ ਲਈ ਇਜਾਜ਼ਤ ਦਿਤੀ ਗਈ ਪ੍ਰੰਤੂ ਜਦੋਂ ਵਿਧਾਇਕ ਹਰਜੋਤ ਕਮਲ ਨੇ ਅਪਣੇ ਸਮਰਥਕਾਂ ਦੇ ਨਾਲ ਹੀ ਮੀਟਿੰਗ ਕਰਨ ਲਈ ਜ਼ੋਰ ਪਾਇਆ ਤਾਂ ਮੁੱਖ ਮੰਤਰੀ ਚੰਨੀ ਵਲੋਂ ਸਾਰੇ ਮੈਂਬਰਾਂ ਨੂੰ ਲਗਭਗ ਅੱਧੇ ਘੰਟੇ ਬਾਅਦ ਅੰਦਰ ਬੁਲਾ ਕੇ ਮੀਟਿੰਗ ਕੀਤੀ ਜੋ ਕਿ ਲਗਭਗ ਤਿੰਨ ਘੰਟੇ ਚਲਦੀ ਰਹੀ। 
ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਮੇਰੇ ਕੋਲ ਮੋਗਾ ਦੇ ਵਿਧਾਇਕ, ਮੇਅਰ, ਡਿਪਟੀ ਮੇਅਰ, ਕੌਂਸਲਰ ਅਤੇ ਪੰਚਾਇਤ ਮੈਂਬਰ ਆਏ ਸਨ। ਉਨ੍ਹਾਂ ਕਿਹਾ ਕਿ ਉਹ ਇਹ ਸਾਰਾ ਮਾਮਲਾ ਪਾਰਟੀ ਦੀ ਚੋਣ ਸਕਰੀਨਿੰਗ ਕਮੇਟੀ ਕੋਲ ਰਖਣਗੇ। ਉਨ੍ਹਾਂ ਕਿਹਾ ਕਿ ਟਿਕਟਾਂ ਦੇਣ ਦਾ ਅੰਤਮ ਫ਼ੈਸਲਾ ਤਾਂ ਹਾਈਕਮਾਂਡ ਵਲੋਂ ਹੀ ਕੀਤਾ ਜਾਣਾ ਹੈ। 
ਕੈਪਸ਼ਨ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ’ਤੇ ਪਹੁੰਚੇ ਮੋਗਾ ਦਾ ਵਿਧਾਇਕ ਹਰਜੋਤ ਕਮਲ ਆਪਣੇ ਸਮਰਥਕਾਂ ਨਾਲ।