ਜਲੰਧਰ 'ਚ ਦਰਦਨਾਕ ਹਾਦਸਾ, ਸਕੂਲੀ ਬੱਸ ਨੇ ਐਕਟਿਵਾ ਸਵਾਰ ਔਰਤ ਨੂੰ ਮਾਰੀ ਟੱਕਰ, ਮੌਤ
ਮ੍ਰਿਤਕਾ ਦੀ ਪਤੀ ਗੰਭੀਰ ਜ਼ਖਮੀ
ਜਲੰਧਰ : ਜਲੰਧਰ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਰਾਮਾ ਮੰਡੀ ਬਾਜ਼ਾਰ ਵਿੱਚ ਬੀਤੇ ਦਿਨੀਂ ਇਕ ਸਕੂਲੀ ਬੱਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਪਣੇ ਪਤੀ ਨਾਲ ਐਕਟਿਵਾ ’ਤੇ ਜਾ ਰਹੀ ਇਕ ਔਰਤ ਬੱਸ ਦੇ ਟਾਇਰਾਂ ਹੇਠਾਂ ਆ ਗਈ।
ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਹਾਦਸੇ 'ਚ ਪਤੀ ਨੂੰ ਵੀ ਗੰਭੀਰ ਸੱਟਾਂ ਆਈਆਂ। ਮ੍ਰਿਤਕਾ ਦੀ ਪਛਾਣ ਸੁਦਰਸ਼ਨ ਕੌਰ ਪਤਨੀ ਤ੍ਰਿਲੋਚਨ ਸਿੰਘ ਵਾਸੀ ਪੰਜਾਬ ਐਵੇਨਿਊ ਲੱਧੇਵਾਲੀ, ਥਾਣਾ ਰਾਮਾ ਮੰਡੀ ਜਲੰਧਰ ਵਜੋਂ ਹੋਈ। ਹਾਦਸੇ ਵਿੱਚ ਸੁਦਰਸ਼ਨ ਕੌਰ ਦਾ ਪਤੀ ਤ੍ਰਿਲੋਚਨ ਸਿੰਘ ਜ਼ਖ਼ਮੀ ਹੋ ਗਿਆ। ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਮੁਖੀ ਇੰਸ. ਅਜਾਇਬ ਸਿੰਘ ਔਜਲਾ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਐੱਸ. ਐੱਚ. ਓ. ਔਜਲਾ ਨੇ ਦੱਸਿਆ ਕਿ ਮੁਲਜ਼ਮ ਬੱਸ ਚਾਲਕ ਸਤਨਾਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਬੁਢਿਆਣਾ, ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰ ਲਿਆ ਗਿਆ ਹੈ। ਬੱਸ ਵੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।