ਮਾਲਖਾਨੇ ’ਚੋਂ ਅਸਲਾ ਗ਼ਾਇਬ ਹੋਣ ਦਾ ਮਾਮਲਾ: ਪੁਲਿਸ ਨੇ ਇਕ ਹੋਰ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤੋਂ ਪਹਿਲਾਂ ਪੁਲਿਸ ਨੇ ਮਾਲਖਾਨੇ ਦੇ ਮੁਨਸ਼ੀ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ।

Bathinda Police arrested another person in missing arms case

 

ਬਠਿੰਡਾ: ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿਚੋਂ ਅਸਲਾ ਗਾਇਬ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਇਕਬਾਲ ਸਿੰਘ ਉਰਫ ਰਵੀ ਵਜੋਂ ਹੋਈ ਹੈ, ਪੁਲਿਸ ਨੂੰ ਉਸ ਕੋਲੋਂ 3 ਹਥਿਆਰ ਵੀ ਮਿਲੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਮਾਲਖਾਨੇ ਦੇ ਮੁਨਸ਼ੀ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ।

ਐਸਐਸਪੀ ਬਠਿੰਡਾ  ਨੇ ਦੱਸਿਆ ਕਿ ਮੁਨਸ਼ੀ ਸੰਦੀਪ ਸਿੰਘ ਨੇ ਕੁਝ ਹਥਿਆਰ ਰਵੀ ਨੂੰ ਦਿੱਤੇ ਸੀ ਅਤੇ ਰਵੀ ਨੇ ਇਹ ਹਥਿਆਰ ਅੱਗੇ ਕਿਸੇ ਹੋਰ ਨੂੰ ਦਿੱਤੇ। ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਲਈ ਜਾਂਚ ਜਾਰੀ ਹੈ। ਮਾਮਲੇ ਵਿਚ ਹੁਣ ਤੱਕ 7 ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 3 ਫਿਰੋਜ਼ਪੁਰ ਦੀ ਐਸਟੀਐਫ ਨੇ ਬਰਾਮਦ ਕੀਤੇ ਹਨ। ਮਾਮਲੇ ਵਿਚ ਕੁੱਲ 13 ਹਥਿਆਰ ਲਾਪਤਾ ਸਨ।  

ਐਸਐਸਪੀ ਬਠਿੰਡਾ ਜੇ ਇਲਨਚੇਜੀਅਨ ਨੇ ਮਾਮਲੇ ਦੀ ਜਾਂਚ ਲਈ ਡੀਐੱਸਪੀ ਫੂਲ ਅਸ਼ਵੰਤ ਸਿੰਘ ਦੀ ਅਗਵਾਈ ਵਿਚ ਐਸਆਈਟੀ ਦਾ ਗਠਨ ਕੀਤਾ ਸੀ। ਐੱਸਆਈਟੀ ਨੇ ਮਾਮਲੇ ਦੀ ਜਾਂਚ ਪੂਰੀ ਕਰਨ ਮਗਰੋਂ ਕੁਝ ਦਿਨ ਪਹਿਲਾਂ ਰਿਪੋਰਟ ਐੱਸਐੱਸਪੀ ਨੂੰ ਸੌਂਪ ਦਿੱਤੀ ਸੀ। 

ਇਸ ਜਾਂਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਨੇ ਦੋ ਵਿਅਕਤੀਆਂ ਨਾਲ ਮਿਲ ਕੇ ਮਲਖਾਨੇ ਤੋਂ ਹਥਿਆਰ ਗਾਇਬ ਕਰ ਦਿੱਤੇ ਸੀ ਤੇ 7 ਲੱਖ ਰੁਪਏ ਦੀ ਡਰੱਗ ਮਨੀ ਵੀ ਹੜੱਪ ਲਈ ਸੀ। ਇਸ ਜਾਂਚ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਮੁਨਸ਼ੀ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ।