ਤਰਨਤਾਰਨ ਪੁਲਿਸ ਨੇ ਚਾਇਨਾ ਡੋਰ ਦੇ 15 ਗੱਟੂਆਂ ਸਣੇ ਇੱਕ ਵਿਅਕਤੀ ਕੀਤਾ ਕਾਬੂ
ਵਿਅਕਤੀ ਦੇ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ
ਤਰਨਤਾਰਨ- ਤਰਨਤਾਰਨ SSP ਗੁਰਮੀਤ ਸਿੰਘ ਚੌਹਾਨ ਨੇ ਜ਼ਿਲ੍ਹੇ ਵਿੱਚ ਡਰੈਗਨ ਡੋਰ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਹੋਈ ਹੈ। ਪਾਬੰਦੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡੀ.ਐਸ.ਪੀ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਪਾਬੰਦੀ ਸ਼ੁਦਾ ਡਰੈਗਨ ਡੋਰ (ਚਾਇਨਾ) ਦੇ 15 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ-ਇੰਸਪੈਕਟਰ ਬਲਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕਸ਼ਮੀਰ ਸਿੰਘ ਉਰਫ ਸ਼ੀਰਾ ਪੁੱਤਰ ਧਰਮ ਸਿੰਘ ਵਾਸੀ ਚੋਹਲਾ ਸਾਹਿਬ ਜੋ ਕਿ ਮਿੱਟੀ ਦੇ ਭਾਂਡਿਆਂ ਦੀ ਦੁਕਾਨ ਕਰਦਾ ਹੈ। ਆਪਣੀ ਦੁਕਾਨ ਵਿੱਚ ਹੀ ਪਾਬੰਦੀ ਸ਼ੁਦਾ ਚਾਇਨਾ ਡੋਰ ਵੇਚਦਾ ਹੈ।
ਜਿਸ 'ਤੇ ਏ.ਐਸ.ਆਈ ਹਰਦਿਆਲ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਛਾਪਾ ਮਾਰ ਕੇ ਉਕਤ ਕਸ਼ਮੀਰ ਸਿੰਘ ਸ਼ੀਰਾ ਨੂੰ ਚਾਇਨਾ ਡੋਰ ਦੇ 15 ਗੱਟੂਆਂ ਸਮੇਤ ਕਾਬੂ ਕੀਤਾ ਗਿਆ ਹੈ। ਐਸ.ਐਚ.ਓ ਬਲਰਾਜ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।