ਕੁਝ ਅਪਵਾਦਾਂ ਨੂੰ ਛੱਡ ਕੇ ਕਾਂਗਰਸ ਆਮ ਤੌਰ ’ਤੇ ਸਾਂਝੀ ਅਗਵਾਈ ਹੇਠ ਹੀ ਚੋਣਾਂ ਲੜਦੀ ਹੈ: ਭੂਪੇਸ਼ ਬਘੇਲ
ਪੰਜਾਬ ਵਿੱਚ ਡੂੰਘੀਆਂ ਸੈਕੁਲਰ ਦੀਆਂ ਜੜ੍ਹਾਂ ਹਨ, ਇੱਥੇ ਜਾਤੀ ਜਾਂ ਫਿਰਕੂ ਤੱਤ ਪ੍ਰਭਾਵਸ਼ਾਲੀ ਨਹੀਂ: ਬਘੇਲ
ਮੁਕਤਸਰ: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਏਆਈਸੀਸੀ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਅੱਜ ਕਿਹਾ ਹੈ ਕਿ ਕੁਝ ਅਪਵਾਦਾਂ ਨੂੰ ਛੱਡ ਕੇ ਕਾਂਗਰਸ ਪਾਰਟੀ ਹਮੇਸ਼ਾਂ ਸਾਂਝੀ ਅਗਵਾਈ ਹੇਠ ਹੀ ਚੋਣਾਂ ਲੜਦੀ ਆਈ ਹੈ। ਉਨ੍ਹਾਂ ਕਿਹਾ ਕਿ ‘ਮਨਰੇਗਾ ਬਚਾਓ ਸੰਗਰਾਮ’ ਰੈਲੀਆਂ ਵਿੱਚ ਲੋਕਾਂ ਦੀ ਵੱਡੀ ਹਾਜ਼ਰੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਇਹ ਸਾਬਤ ਕਰਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਮੁੜ ਤੋਂ ਮਜ਼ਬੂਤ ਪੈਰਾਂ ’ਤੇ ਖੜੀ ਹੋ ਰਹੀ ਹੈ।
ਅੱਜ ਇੱਥੇ ‘ਮਨਰੇਗਾ ਬਚਾਓ ਸੰਗਰਾਮ’ ਰੈਲੀ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਆਪਣੇ ਪਿਛਲੇ ਬਿਆਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਘੇਲ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਕਿਸੇ ਹੋਰ ਕਾਰਨ ਕਰਕੇ ਨਹੀਂ ਲਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਮ ਤੌਰ ’ਤੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਹੀਂ ਕਰਦੀ ਹੈ। ਚੋਣਾਂ ਜਿੱਤਣ ਤੋਂ ਬਾਅਦ ਚੁਣੇ ਹੋਏ ਵਿਧਾਇਕ ਆਪਣਾ ਲੀਡਰ ਚੁਣਦੇ ਹਨ ਅਤੇ ਆਖ਼ਰੀ ਫੈਸਲਾ ਪਾਰਟੀ ਦੀ ਹਾਈਕਮਾਂਡ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਵੀ ਇਸੇ ਤਰ੍ਹਾਂ ਦੀ ਪ੍ਰਕਿਰਿਆ ਅਪਣਾਉਂਦੀ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਫੈਸਲਾ ਜਾਤੀ ਜਾਂ ਅੰਦਰੂਨੀ ਵੰਡ ਕਾਰਨ ਲਿਆ ਗਿਆ ਸੀ, ਤਾਂ ਬਘੇਲ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਸੈਕੁਲਰ ਅਸੂਲਾਂ ’ਤੇ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਡੂੰਘੀਆਂ ਸੈਕੁਲਰ ਜੜ੍ਹਾਂ ਹਨ ਅਤੇ ਇੱਥੇ ਜਾਤੀ ਜਾਂ ਫਿਰਕੂ ਤੱਤ ਕੋਈ ਪ੍ਰਭਾਵ ਨਹੀਂ ਰੱਖਦੇ, ਇਸ ਲਈ ਸਮੂਹਕ ਅਗਵਾਈ ਹੇਠ ਚੋਣ ਲੜਨ ਦਾ ਫੈਸਲਾ ਕਿਸੇ ਜਾਤੀ ਜਾਂ ਹੋਰ ਕਾਰਨ ਕਰਕੇ ਨਹੀਂ ਲਿਆ ਗਿਆ ਹੈ।
ਇਸੇ ਤਰ੍ਹਾਂ, ਮਾਘੀ ਮੇਲੇ ਦੌਰਾਨ ਕਾਂਗਰਸ ਵੱਲੋਂ ਇਸ ਸਾਲ ਸਿਆਸੀ ਕਾਨਫਰੰਸ ਨਾ ਕਰਨ ਸਬੰਧੀ ਪੁੱਛੇ ਗਏ ਸਵਾਲ ’ਤੇ ਬਘੇਲ ਨੇ ਕਿਹਾ ਕਿ 2017 ਤੋਂ 2022 ਤੱਕ ਕਾਂਗਰਸ ਸਰਕਾਰ ਦੇ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਘੀ ਮੇਲੇ ਦੇ ਪਵਿੱਤਰ ਮੌਕੇ ’ਤੇ ਸਿਆਸੀ ਕਾਨਫਰੰਸਾਂ ਕਰਨ ’ਤੇ ਪਾਬੰਦੀ ਲਗਾਉਣ ਸਬੰਧੀ ਹੁਕਮ ਜਾਰੀ ਕੀਤਾ ਗਿਆ ਸੀ, ਜਿਸਦੀ ਕਾਂਗਰਸ ਨੇ ਪਾਲਣਾ ਕੀਤੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਮੇਂ-ਸਮੇਂ ’ਤੇ ਸ਼੍ਰੀ ਅਕਾਲ ਤਖ਼ਤ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਬਾਰੇ ਬਘੇਲ ਨੇ ਕਿਹਾ ਕਿ ਉਹ ਸਰਕਾਰੀ ਫੰਡਾਂ ਦੀ ਵਰਤੋਂ ਪਾਰਟੀ ਦੇ ਪ੍ਰੋਗਰਾਮਾਂ ਲਈ ਕਰ ਰਹੀ ਹੈ, ਜੋ ਕਿ ਗੰਭੀਰ ਜਾਂਚ ਦਾ ਵਿਸ਼ਾ ਹੈ।
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਦੌਰਾਨ ਪਾਰਟੀ ਦੇ ਪ੍ਰੋਗਰਾਮਾਂ ਨੂੰ ਕੜਾਕੇ ਦੀ ਠੰਢ ਦੇ ਬਾਵਜੂਦ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮਨਰੇਗਾ ਨੂੰ ਉਸਦੇ ਅਸਲੀ ਰੂਪ ਵਿੱਚ ਬਹਾਲ ਹੋਣ ਤੱਕ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਰਵਿੰਦਰ ਦਲਵੀ, ਸ਼ੇਰ ਸਿੰਘ ਗੱਬਾਇਆ ਸਮੇਤ ਹੋਰ ਆਗੂ ਵੀ ਮੌਜੂਦ ਰਹੇ।