ਕਾਂਗਰਸ ਆਗੂ ਪਰਗਟ ਸਿੰਘ ਨੇ ‘ਆਪ’ ਆਗੂਆਂ ਵਲੋਂ ਬਹਿਸ ਦੀ ਚੁਨੌਤੀ ਮਨਜ਼ੂਰ ਕੀਤੀ
ਪਰ ਕਿਹਾ, ਬਹਿਸ ਸਿਰਫ਼ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜਾਂ ਕੁਲਤਾਰ ਸਿੰਘ ਸੰਧਵਾਂ ਨਾਲ ਹੀ ਕਰਾਂਗਾ
ਚੰਡੀਗੜ੍ਹ : ਕਾਂਗਰਸ ਆਗੂ ਪਰਗਟ ਸਿੰਘ ਨੇ ‘ਆਪ’ ਆਗੂਆਂ ਵਲੋਂ ਦਿਤੀ ਬਹਿਸ ਦੀ ਚੁਨੌਤੀ ਨੂੰ ਮਨਜ਼ੂਰ ਕਰਦਿਆਂ ਕਿਹਾ ਹੈ ਕਿ ਉਹ ਬਹਿਸ ਸਿਰਫ਼ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜਾਂ ਕੁਲਤਾਰ ਸਿੰਘ ਸੰਧਵਾਂ ਨਾਲ ਹੀ ਕਰਨਗੇ। ਉਨ੍ਹਾਂ ਅੱਜ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ, ‘‘ਮੇਰੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ ਕਰਨ ਆਏ ਆਮ ਆਦਮੀ ਪਾਰਟੀ ਦੇ ਮੰਤਰੀ ਬਹਿਸ ਕਰਨ ਤੋਂ ਭੱਜ ਗਏ। ਹੁਣ ਦਿੱਲੀ ਦੇ ਆਕਾ ਆਪਣੇ ਕਰਿੰਦਿਆਂ ਰਾਹੀਂ ਵੀਡੀਓਜ਼ ਚਲਵਾ ਕੇ ਬਹਿਸ ਦੀਆਂ ਗੱਲਾਂ ਕਰ ਰਹੇ ਹਨ!’’
ਉਨ੍ਹਾਂ ਅੱਗੇ ਕਿਹਾ, ‘‘ਮੈਂ ਸਾਫ਼ ਕਹਿ ਦੇਣਾ ਚਾਹੁੰਦਾ ਹਾਂ-ਬੇਅਦਬੀ ਦੇ ਕੇਸਾਂ ਤੋਂ ਲੈ ਕੇ ਮੌੜ ਬੰਬ ਧਮਾਕੇ ਤੱਕ, ਪੰਜਾਬ ਨਾਲ ਜੁੜੇ ਹਰ ਗੰਭੀਰ ਮਸਲੇ ’ਤੇ ਮੈਂ ਕਿਤੇ ਵੀ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੇਰੀਆਂ ਸ਼ਰਤਾਂ ਸਿਰਫ਼ ਦੋ ਹਨ।’’
ਉਨ੍ਹਾਂ ਬਹਿਸ ਦੀਆਂ ਸ਼ਰਤਾਂ ਬਾਰੇ ਗੱਲ ਕਰਦਿਆਂ ਕਿਹਾ, ‘‘ਪਹਿਲੀ-ਬਹਿਸ ਤਿੰਨ ਵਿਅਕਤੀਆਂ ਵਿੱਚੋਂ ਕਿਸੇ ਇੱਕ ਨਾਲ ਹੋਵੇ: ਅਰਵਿੰਦ ਕੇਜਰੀਵਾਲ, ਜਿਸ ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬੇਅਦਬੀ ਕੇਸਾਂ ਵਿੱਚ ਇਨਸਾਫ਼ ਦੀ ਗਾਰੰਟੀ ਦਿੱਤੀ ਸੀ, ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ, ਜਿਨ੍ਹਾਂ ਕੋਲ ਇਨ੍ਹਾਂ ਸਾਰੇ ਕੇਸਾਂ ਦੀਆਂ ਫਾਇਲਾਂ ਆਖ਼ਿਰਕਾਰ ਜਾਂਦੀਆਂ ਹਨ, ਜਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ, ਜੋ ਬਰਗਾੜੀ ਮੋਰਚੇ ’ਤੇ ਇਨਸਾਫ਼ ਦਾ ਭਰੋਸਾ ਦੇ ਕੇ ਮੋਰਚਾ ਚੁਕਵਾਉਣ ਵਾਲੇ ਸਨ।’’
ਉਨ੍ਹਾਂ ਅੱਗੇ ਕਿਹਾ, ‘‘ਦੂਜੀ-ਬਹਿਸ ਤਿੰਨ ਆਜ਼ਾਦ, ਭਰੋਸੇਯੋਗ ਅਤੇ ਨਿਰਪੱਖ ਪੰਜਾਬੀ ਪੱਤਰਕਾਰਾਂ ਦੇ ਸਾਹਮਣੇ, ਬਰਾਬਰ ਸਮੇਂ ਅਤੇ ਤੱਥਾਂ ਦੇ ਆਧਾਰ ’ਤੇ ਹੋਵੇ। ਸਿੱਧੀ ਗੱਲ ਹੈ-ਜੇ ਹਿੰਮਤ ਹੈ ਤਾਂ ਮੇਰਾ ਚੈਲੰਜ ਕਬੂਲ ਕਰੋ। ਬਹਿਸ ਤੋਂ ਭੱਜ ਕੇ ਆਪਣੇ ਕਰਿੰਦਿਆਂ ਨੂੰ ਅੱਗੇ ਕਰਨਾ ਬੰਦ ਕਰੋ।’’
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਵਰਕਰਾਂ ਨੇ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੇ ਘਰ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਵਿਰੋਧ ਦਾ ਮੁੱਖ ਕਾਰਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ 'ਆਪ' ਆਗੂ ਆਤਿਸ਼ੀ ਦੀ ਇੱਕ ਕਥਿਤ ਵੀਡੀਓ ਨਾਲ ਜੁੜਿਆ ਹੋਇਆ ਹੈ। 'ਆਪ' ਆਗੂਆਂ ਨੇ ਦੋਸ਼ ਲਾਇਆ ਕਿ ਪਰਗਟ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਤਿਸ਼ੀ ਦੀ ਇੱਕ 'ਡਾਕਟਰਡ' (ਛੇੜਛਾੜ ਕੀਤੀ ਹੋਈ) ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵੀਡੀਓ ਰਾਹੀਂ ਸਿੱਖ ਗੁਰੂਆਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਦਿਖਾਈਆਂ ਗਈਆਂ ਹਨ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾ ਸਕੇ ਅਤੇ 'ਆਪ' ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਸਕੇ। ਵਿਰੋਧ ਦੇ ਦੌਰਾਨ ਪਰਗਟ ਸਿੰਘ ਨੇ ਆਪਣੇ ਘਰੋਂ ਬਾਹਰ ਆ ਕੇ 'ਆਪ' ਆਗੂਆਂ ਨੂੰ ਖੁੱਲ੍ਹੀ ਬਹਿਸ (debate) ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਵੀਡੀਓ ਵਿੱਚ ਕੋਈ ਗਲਤੀ ਹੈ ਤਾਂ ਉਹ ਭਾਜਪਾ ਵੱਲੋਂ ਕੀਤੀ ਗਈ ਹੋ ਸਕਦੀ ਹੈ, ਅਤੇ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਜਾਂ ਐਫ.ਆਈ.ਆਰ. ਤੋਂ ਨਹੀਂ ਡਰਦੇ।