ਗੁਰੂ ਹਰਸਾਹਾਏ ਵਿੱਚ ਕਾਂਗਰਸ ਦੀ ਵਿਸ਼ਾਲ ‘ਮਨਰੇਗਾ ਬਚਾਓ ਸੰਗਰਾਮ’ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਰਟੀ ਆਗੂਆਂ ਨੇ ਗਰੀਬਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਭਾਜਪਾ ਅਤੇ ਪੰਜਾਬ ਨੂੰ ਫੇਲ੍ਹ ਕਰਨ ਲਈ ‘ਆਪ’ ਨੂੰ ਨਿਸ਼ਾਨੇ ’ਤੇ ਲਿਆ

Congress's massive 'MGNREGA Bachao Sangram' rally in Guru Harsahai

ਗੁਰੂ ਹਰਸਾਹਾਏ (ਫਿਰੋਜ਼ਪੁਰ): ਅੱਜ ਇੱਥੇ ਕਾਂਗਰਸ ਵੱਲੋਂ ‘ਮਨਰੇਗਾ ਬਚਾਓ ਸੰਗਰਾਮ’ ਮੁਹਿੰਮ ਤਹਿਤ ਕਰਵਾਈ ਗਈ ਵਿਸ਼ਾਲ ਰੈਲੀ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿੱਥੇ ਪਾਰਟੀ ਆਗੂਆਂ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉੱਪਰ ਗਰੀਬਾਂ, ਪਿੱਛੜਿਆਂ, ਦਲਿਤਾਂ ਅਤੇ ਹਾਸ਼ੀਏ ’ਤੇ ਧੱਕੇ ਗਏ ਵਰਗਾਂ ਦੇ ਵਿਰੋਧੀ ਹੋਣ ਦੇ ਦੋਸ਼ ਲਗਾਏ।

ਇਸ ਮੌਕੇ ’ਤੇ ਕਾਂਗਰਸ ਦੇ ਕਈ ਪ੍ਰਮੁੱਖ ਆਗੁਆਂ ਵਿੱਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਏਆਈਸੀਸੀ ਜਨਰਲ ਸਕੱਤਰ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਏਆਈਸੀਸੀ ਸਕੱਤਰ ਰਵਿੰਦਰ ਦਲਵੀ, ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ ਆਦਿ ਸ਼ਾਮਲ ਹੋਏ।

ਰੈਲੀ ਨੂੰ ਸੰਬੋਧਨ ਕਰਦਿਆਂ, ਭੂਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿੱਚ ਤਬਦੀਲੀ ਦੀਆਂ ਹਵਾਵਾਂ ਵਗਣ ਲੱਗ ਪਈਆਂ ਹਨ। ਉਨ੍ਹਾਂ ਨੇ ਵਿਸ਼ਾਲ ਭੀੜ ਵੱਲ ਇਸ਼ਾਰਾ ਕਰਦਿਆਂ, ਕਿਹਾ ਕਿ ਚੋਣਾਂ ਤੋਂ ਇੱਕ ਸਾਲ ਪਹਿਲਾਂ ਹੀ ਪੰਜਾਬ ਦੇ ਲੋਕ ਆਪਣੀ ਸੋਚ ਅਤੇ ਮਨਸ਼ਾ ਜ਼ਾਹਿਰ ਕਰ ਚੁੱਕੇ ਹਨ।

ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਦਲਿਤਾਂ ਅਤੇ ਗਰੀਬਾਂ ਪ੍ਰਤੀ ਵੈਰ-ਭਾਵ ਰੱਖਦੀ ਹੈ ਅਤੇ ਸਿਰਫ਼ ਕੁਝ ਚੁਣਿੰਦੇ ਉਦਯੋਗਪਤੀਆਂ ਤੇ ਪੂੰਜੀਪਤੀਆਂ ਦੀ ਮਦਦ ਕਰਨਾ ਚਾਹੁੰਦੀ ਹੈ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਕਿਸੇ ਵੀ ਕੀਮਤ ’ਤੇ ਮਨਰੇਗਾ ਨੂੰ ਖਤਮ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨਾਂ ਦੇ ਵੱਡੇ ਅਤੇ ਲੰਬੇ ਸੰਘਰਸ਼ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਸਨ, ਠੀਕ ਉਸੇ ਤਰ੍ਹਾਂ ਕਾਂਗਰਸ ਮੋਦੀ ਸਰਕਾਰ ਨੂੰ ਮਨਰੇਗਾ ਬਹਾਲ ਕਰਨ ਲਈ ਮਜਬੂਰ ਕਰੇਗੀ, ਜਿਹੜੀ ਕਰੋੜਾਂ ਗਰੀਬ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੀ ਹੋਈ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਨਰੇਗਾ ਖਤਮ ਕੀਤੀ ਗਈ, ਤਾਂ ਦੇਸ਼ ਵਿੱਚ ਅਫ਼ਰਾਤਫ਼ਰੀ ਅਤੇ ਅਰਾਜਕਤਾ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਅਮੀਰ ਹੋਰ ਅਮੀਰ ਹੋ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਰਹੇਗਾ, ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਗਰੀਬਾਂ ਦੀਆਂ ਲੋੜਾਂ ਤੇ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਨ ਖਿਲਾਫ਼ ਸਾਵਧਾਨ ਕੀਤਾ।

ਵੜਿੰਗ ਨੇ ਰੈਲੀ ਵਿੱਚ ਲੋਕਾਂ ਦੀ ਵੱਡੀ ਹਾਜ਼ਰੀ ਤੋਂ ਪ੍ਰਭਾਵਿਤ ਹੋ ਕੇ ਅੱਜ ਦੀ ਰੈਲੀ ਦੇ ਮੁੱਖ ਆਯੋਜਕ ਰਮਿੰਦਰ ਆਵਲਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਅਤੇ ਸੂਬਾ ਦੋਵਾਂ ਸਰਕਾਰਾਂ ਖ਼ਿਲਾਫ਼ ਜਨਮਤ ਹੈ, ਜਿਨ੍ਹਾਂ ਦੋਵਾਂ ਨੇ ਦੇਸ਼ ਅਤੇ ਪੰਜਾਬ ਨੂੰ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿ ਮਨਰੇਗਾ ਨੂੰ ਖਤਮ ਕਰਨ ਖ਼ਿਲਾਫ਼ ਅੰਦੋਲਨ ਹੋਰ ਵੀ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ’ਤੇ ਬੋਲਦਿਆਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਨਰੇਗਾ ਵਰਗੇ ਗਰੀਬ ਅਤੇ ਦਲਿਤ ਪੱਖੀ ਕਾਨੂੰਨ ਨੂੰ ਖਤਮ ਕਰਕੇ ਭਾਜਪਾ ਨੇ ਦਲਿਤਾਂ ਤੇ ਪਿੱਛੜੇ ਵਰਗਾਂ ਪ੍ਰਤੀ ਆਪਣੀ ਦੁਸ਼ਮਨੀ ਨੂੰ ਇੱਕ ਵਾਰ ਫਿਰ ਸਾਬਤ ਤੋਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਦਲਿਤਾਂ ਅਤੇ ਪੀੜਤ ਵਰਗਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ, ਉੱਥੇ ਹੀ ਸਿਰਫ਼ ਕਾਂਗਰਸ ਨੇ ਹਮੇਸ਼ਾ ਇਨ੍ਹਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਸ਼ੇਰ ਸਿੰਘ ਘੁਬਾਇਆ, ਭਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ, ਰਮਿੰਦਰ ਆਵਲਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸੁਖਵਿੰਦਰ ਸਿੰਘ ਡੈਨੀ, ਸੁਖਪਾਲ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਹਰਪ੍ਰੀਤ ਸਿੰਘ, ਹੰਸਰਾਜ ਜੋਸ਼ਨ, ਨੱਥੂ ਰਾਮ, ਜਗਦੇਵ ਸਿੰਘ ਕਮਾਲੂ, ਪਰਮਿੰਦਰ ਸਿੰਘ ਪਿੰਕੀ, ਰਾਜ ਬਖ਼ਸ਼ ਕੰਬੋਜ, ਡਾ. ਮੋਹਿੰਦਰ ਰਿਨਵਾ ਸਣੇ ਹੋਰ ਆਗੂ ਵੀ ਮੌਜੂਦ ਰਹੇ।