ਬਰਨਾਲਾ ’ਚ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਗੁਰਲਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ
ਪਿੰਡ ਦੇ ਹੀ ਨੌਜਵਾਨ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ
ਬਰਨਾਲਾ : ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਪੱਖੋ ਕਲਾਂ ਵਿਖੇ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ । ਮ੍ਰਿਤਕ ਦੀ ਪਛਾਣ ਪਿੰਡ ਪੱਖੋ ਕਲਾਂ ਦੀ ਬਾਸੋ ਪੱਤੀ ਦੇ ਰਹਿਣ ਵਾਲੇ 35 ਸਾਲ ਦੇ ਗੁਰਲਾਲ ਸਿੰਘ ਪੁੱਤਰ ਤੇਜਾ ਸਿੰਘ ਵਜੋਂ ਹੋਈ ਹੈ। ਇਸ ਘਟਨਾ ਨੂੰ ਲੈ ਕੇ ਮ੍ਰਿਤਕ ਗੁਰਲਾਲ ਸਿੰਘ ਦੇ ਮਾਤਾ,ਪਿਤਾ, ਭਰਜਾਈ,ਭਰਾ ਅਤੇ ਚਾਚੀ ਨੇ ਦੱਸਿਆ ਕਿ ਗੁਰਲਾਲ ਸਿੰਘ ਅਤੇ ਸੰਦੀਪ ਕੌਰ ਦਾ ਦੂਜਾ ਦੂਜਾ ਵਿਆਹ ਸੀ। ਜਿਨ੍ਹਾਂ ਦਾ 11 ਸਾਲ ਪਹਿਲਾਂ ਆਪਸ ਵਿੱਚ ਵਿਆਹ ਹੋ ਗਿਆ ਸੀ, ਦੋਵਾਂ ਦੇ ਪਹਿਲੇ ਵਿਆਹ ਦੇ ਬੱਚੇ ਵੀ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਲਾਲ ਸਿੰਘ ਦੀ ਪਤਨੀ ਸੰਦੀਪ ਕੌਰ ਦੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਨਜਾਇਜ਼ ਸਬੰਧ ਸਨ। ਗੁਰਲਾਲ ਸਿੰਘ ਉਸ ਨੂੰ ਅਕਸਰ ਰੋਕਦਾ ਰਹਿੰਦਾ ਸੀ। ਪਰ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਉਸ ਨੂੰ ਛੱਡ ਕੇ ਜਾਣ ਦੀ ਧਮਕੀਆਂ ਦਿੰਦੀ ਸੀ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਗੁਰਲਾਲ ਘਰ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਪੜਤਾਲ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਸੜਕ ਕਿਨਾਰੇ ਇੱਕ ਦਰਖਤ ਨਾਲ ਲਟਕੀ ਸ਼ੱਕੀ ਹਾਲਤ ਵਿੱਚ ਗੁਰਲਾਲ ਸਿੰਘ ਦੀ ਲਾਸ਼ ਮਿਲੀ। ਪਰਿਵਾਰਕ ਮੈਂਬਰਾਂ ਨੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਦੀ ਨੂੰਹ ਸੰਦੀਪ ਕੌਰ ਦੇ ਪਿੰਡ ਦੇ ਇੱਕ ਵਿਅਕਤੀ ਨਾਲ ਨਜਾਇਜ਼ ਸਬੰਧ ਸਨ। ਉਨ੍ਹਾਂ ਦੇ ਪੁੱਤ ਦੀ ਗਰਦਨ ਤੋੜ ਕੇ ਉਸ ਨੂੰ ਲਮਕਾ ਕੇ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਉਨਾਂ ਦੀ ਨੂੰਹ ਉਸ ਦੇ ਆਸ਼ਿਕ ਅਤੇ ਮ੍ਰਿਤਕ ਦੇ ਸਹੁਰਾ ਪਰਿਵਾਰ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਰੂੜਕੇ ਕਲਾਂ ਦੇ ਐਸ.ਐਚ.ਓ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਦਰੱਖਤ ਨਾਲ ਲਮਕਦੀ ਇੱਕ ਲਾਸ ਬਾਰੇ ਜਾਣਕਾਰੀ ਮਿਲਿਆ ਸੀ। ਮੁਢਲੀ ਜਾਣਕਾਰੀ ਤੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਤੇਜਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਅਤੇ ਪਿੰਡ ਦੇ ਇੱਕ ਵਿਅਕਤੀ ਖਿਲਾਫ ਮੁਕਦਮਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਵਿੱਚ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।