Ludhiana Accident News: ਲੁਧਿਆਣਾ ਵਿੱਚ ਭੈਣ ਨੂੰ ਲੋਹੜੀ ਦੇ ਕੇ ਵਾਪਸ ਜਾ ਰਹੇ ਭੈਣ ਭਰਾ ਦੀ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਰ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ

Ludhiana Accident News

ਲੁਧਿਆਣਾ ਵਿਚ ਮੋਗਾ ਰੋਡ 'ਤੇ ਪ੍ਰਦੇਸੀ ਢਾਬੇ ਨੇੜੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ ਤੇਜ਼ ਰਫ਼ਤਾਰ ਥਾਰ ਅਤੇ ਸਵਿਫਟ ਡਿਜ਼ਾਇਰ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿੱਚ ਸਵਿਫਟ ਡਿਜ਼ਾਇਰ ਵਿੱਚ ਸਵਾਰ ਭੈਣ-ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਥਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।

 ਜਾਣਕਾਰੀ ਅਨੁਸਾਰ ਕਾਰ ਸਵਾਰ ਭੈਣ ਭਰਾ ਆਪਣੀ ਛੋਟੀ ਭੈਣ ਨੂੰ ਲੋਹੜੀ ਦੇਣ ਤੋਂ ਬਾਅਦ ਵਾਪਸ ਘਰ ਜਾ ਰਹੇ ਸਨ। ਟੱਕਰ ਦੌਰਾਨ ਕਾਰ ਦੇ ਏਅਰਬੈਗ ਖੁੱਲ ਗਏ। ਫਿਰ ਵੀ, ਉਹ ਬਚ ਨਹੀਂ ਸਕੇ। ਮ੍ਰਿਤਕਾਂ ਦੀ ਪਛਾਣ ਜਬਰ ਸਿੰਘ ਅਤੇ ਉਸ ਦੀ ਭੈਣ ਹਰਦੀਪ ਕੌਰ ਵਜੋਂ ਹੋਈ ਹੈ, ਦੋਵੇਂ ਬਾਘਾ ਪੁਰਾਣਾ ਦੇ ਰਹਿਣ ਵਾਲੇ ਸਨ। ਦੋਵਾਂ ਦੀ ਉਮਰ 34 ਤੋਂ 45 ਸਾਲ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ।

ਥਾਰ ਡਰਾਈਵਰ ਦੀ ਪਛਾਣ ਇੰਦਰਜੀਤ ਸਿੰਘ (42) ਵਜੋਂ ਹੋਈ ਹੈ, ਜੋ ਰਾਏਕੋਟ ਦੇ ਪਿੰਡ ਗੋਇੰਦਵਾਲ ਦਾ ਰਹਿਣ ਵਾਲਾ ਹੈ। ਉਸ ਨੂੰ ਪਹਿਲਾਂ ਜਗਰਾਉਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਅਗਲੇ ਇਲਾਜ ਲਈ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ, ਇੰਦਰਜੀਤ ਸਿੰਘ ਐਤਵਾਰ ਦੇਰ ਰਾਤ ਮੋਗਾ ਤੋਂ ਲੁਧਿਆਣਾ ਜਾ ਰਿਹਾ ਸੀ। ਜਿਵੇਂ ਹੀ ਉਸ ਦੀ ਥਾਰ ਮੋਗਾ ਰੋਡ 'ਤੇ ਪ੍ਰਦੇਸੀ ਢਾਬੇ ਦੇ ਨੇੜੇ ਪਹੁੰਚੀ, ਅਚਾਨਕ ਉਹ ਥਾਰ ਤੋਂ ਕੰਟਰੋਲ ਗਵਾ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਨਾਲ ਟਕਰਾ ਗਿਆ। 

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭੈਣ-ਭਰਾ ਆਪਣੀ ਛੋਟੀ ਭੈਣ ਜੋ ਕਿ ਲੁਧਿਆਣਾ ਵਿੱਚ ਰਹਿੰਦੀ ਹੈ, ਨੂੰ ਲੋਹੜੀ ਦੇ ਕੇ ਵਾਪਸ ਆ ਰਹੇ ਸਨ ਕਿ ਜਗਰਾਉਂ ਨੇੜੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੋਸਟਮਾਰਟਮ ਅੱਜ ਕੀਤਾ ਜਾਵੇਗਾ।