ਚਾਈਨਾ ਡੋਰ ਦੀ ਲਪੇਟ 'ਚ ਆਇਆ ਮੋਟਰਸਾਈਕਲ ਸਵਾਰ, 30 ਟਾਂਕੇ ਲੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਰ ਸ਼ਾਮ ਆਪਣੇ ਭਰਾ ਦੀ ਦਵਾਈ ਲੈਣ ਜਾ ਰਿਹਾ ਸੀ ਬਜ਼ਾਰ

Motorcyclist caught in China door Gurdaspur News

ਗੁਰਦਾਸਪੁਰ : ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਪਲਾਸਟਿਕ ਡੋਰ (ਚਾਈਨਾ ਡੋਰ) ਦਾ ਕਹਿਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਵਾਰ ਬਾਜ਼ਾਰ ਵਿਚ ਪਲਾਸਟਿਕ ਡੋਰ ਦੀ ਵਿਕਰੀ ਕਾਫੀ ਘੱਟ ਹੋ ਰਹੀ ਹੈ, ਪਰ ਫਿਰ ਵੀ ਇਹ ਡੋਰ ਆਮ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਸਨਿਚਰਵਾਰ ਦੇਰ ਸ਼ਾਮ ਪਲਾਸਟਿਕ ਡੋਰ ਦੀ ਲਪੇਟ ਵਿਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਉਸ ਦੇ ਮੱਥੇ ਅਤੇ ਨੱਕ ’ਤੇ ਕਰੀਬ 30 ਟਾਂਕੇ ਲੱਗੇ ਹਨ। ਫਿਲਹਾਲ ਉਸ ਦੀ ਹਾਲਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ। ਨਿਜੀ ਹਸਪਤਾਲ ਵਿਚ ਜ਼ੇਰੇ-ਇਲਾਜ ਜਤਿੰਦਰ ਸਿੰਘ (ਨਿਵਾਸੀ ਪੰਧੇਰ) ਨੇ ਦਸਿਆ ਕਿ ਉਹ ਸਨਿਚਰਵਾਰ ਦੇਰ ਸ਼ਾਮ ਆਪਣੇ ਭਰਾ ਦੀ ਦਵਾਈ ਲੈਣ ਜਾ ਰਿਹਾ ਸੀ।

ਪਿੰਡ ਕੋਠੇ ਦੇ ਨੇੜੇ ਪਹੁੰਚਣ ’ਤੇ ਅਚਾਨਕ ਉਹ ਚਾਈਨਾ ਡੋਰ ਦੀ ਲਪੇਟ ’ਚ ਆ ਗਿਆ। ਉਸ ਦੇ ਮੱਥੇ ’ਤੇ ਡੂੰਘੀ ਸੱਟ ਲੱਗੀ। ਉਸ ਨੇ ਤੁਰਤ ਅਪਣੇ ਦੋਸਤ ਨੂੰ ਫੋਨ ਕੀਤਾ, ਜਿਸ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿਤਾ ਗਿਆ, ਜਿਸ ਤੋਂ ਬਾਅਦ ਉਸ ਦੇ ਦੋਸਤ ਨੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਨੇ ਦਸਿਆ ਕਿ ਘਟਨਾ ਦੇ ਸਮੇਂ ਉਸ ਨੇ ਪੱਗ ਬੰਨ੍ਹੀ ਹੋਈ ਸੀ, ਜਿਸ ਦੇ ਬਾਵਜੂਦ ਉਸ ਨੂੰ ਗੰਭੀਰ ਸੱਟ ਲੱਗੀ।