Maghi Mela: ਪਸ਼ੂ ਪ੍ਰੇਮੀਆਂ ਦੇ ਇਕੱਠ ਨਾਲ ਗੂੰਜੇਗੀ ਸ੍ਰੀ ਮੁਕਤਸਰ ਸਾਹਿਬ ਦੀ ‘ਘੋੜਾ ਮੰਡੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਸ਼ੂਧਨ ਦੀ ਦੇਖਭਾਲ ਲਈ ਸਮਰਪਤ ਵੈਟਰਨਰੀ ਡਿਸਪੈਂਸਰੀ ਸਥਾਪਤ, 40 ਮੈਂਬਰੀ ਵੈਟਰਨਰੀ ਟੀਮ ਦਾ ਗਠਨ : ਖੁੱਡੀਆਂ

Sri Muktsar Sahib Maghi Mela News
  • ਵੱਡੀ ਗਿਣਤੀ ਵਿਚ ਬਰੀਡਰਾਂ, ਵਪਾਰੀਆਂ ਤੇ ਪਸ਼ੂ ਪ੍ਰੇਮੀਆਂ ਦੇ ਆਉਣ ਦੀ ਉਮੀਦ

ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਸਿਆ ਕਿ ਸੂਬੇ ਦੀਆਂ ਸਭਿਆਚਾਰਕ ਪਰੰਪਰਾਵਾਂ ਦੀ ਸੰਭਾਲ ਅਤੇ ਪਸ਼ੂਧਨ ਨਾਲ ਸਬੰਧਤ ਆਰਥਿਕਤਾ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵਲੋਂ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਰਵਾਇਤੀ ਪਸ਼ੂ ਅਤੇ ਘੋੜਿਆਂ ਦੇ ਮੇਲੇ ‘ਘੋੜਾ ਮੰਡੀ’ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਹ ਜੀਵੰਤ ਸਮਾਗਮ ਪੰਜਾਬ ਦੇ ਅਮੀਰ ਪੇਂਡੂ ਵਿਰਸੇ ਨੂੰ ਪ੍ਰਦਰਸ਼ਤ ਕਰੇਗਾ, ਜਿਸ ਵਿਚ ਘੋੜਿਆਂ ਤੇ ਹੋਰ ਪਸ਼ੂਆਂ ਦੀਆਂ ਉੱਚ-ਪਧਰੀ ਨਸਲਾਂ ਸ਼ਾਮਲ ਹੋਣਗੀਆਂ।

ਪਸ਼ੂ ਪਾਲਣ ਵਿਭਾਗ ਵਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਖੁੱਡੀਆਂ ਨੇ ਦਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਢਾਬ ਵਿਖੇ ਸਥਿਤ ਉਦਯੋਗਿਕ ਫੋਕਲ ਪੁਆਇੰਟ ਵਿਚ 70 ਏਕੜ ਰਕਬੇ ਵਿਚ ਵਿਸ਼ਾਲ ਮੰਡੀ ਲਗਾਈ ਗਈ ਹੈ। ਇਸ ਮੇਲੇ ਵਿਚ ਪੂਰੇ ਖੇਤਰ ਤੋਂ ਵੱਡੀ ਗਿਣਤੀ ਵਿਚ ਬਰੀਡਰਾਂ, ਵਪਾਰੀਆਂ ਤੇ ਪਸ਼ੂ ਪ੍ਰੇਮੀਆਂ ਦੇ ਆਉਣ ਦੀ ਉਮੀਦ ਹੈ। ਘੋੜਾ ਮੰਡੀ ਦੌਰਾਨ ਘੋੜਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਜਾਵੇਗਾ, ਜੋ ਪੰਜਾਬ ਦੀ ਅਮੀਰ ਵਿਰਾਸਤ ਨਾਲ ਰੂਬਰੂ ਕਰਵਾਏਗਾ।

ਇਸ ਮੇਲੇ ਵਿਚ ਮਾਰਵਾੜੀ ਅਤੇ ਨੁੱਕਰਾ ਸਮੇਤ ਹੋਰ ਉੱਤਮ ਨਸਲ ਦੇ ਘੋੜਿਆਂ ਤੋਂ ਇਲਾਵਾ ਹੋਰ ਦੁਰਲੱਭ ਕਿਸਮ ਦੇ ਪਸ਼ੂ ਤੇ ਜਾਨਵਰ ਆਉਣਗੇ। ਇਸ ਦੌਰਾਨ ਸੂਬੇ ਦੀ ਖੇਤੀਬਾੜੀ ਨਾਲ ਜੁੜੇ ਪਸ਼ੂਪਾਲਣ ਕਿੱਤੇ ਦੇ ਬਹਿਤਰੀਨ ਅਭਿਆਸਾਂ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ। ਮੇਲੇ ਨੂੰ ਸਫ਼ਲ ਬਣਾਉਣ ਲਈ ਵਿਭਾਗ ਵਲੋਂ ਚੁੱਕੇ ਗਏ ਸਰਗਰਮ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, “ਘੋੜਾ ਮੰਡੀ ਸਿਰਫ਼ ਇਕ ਮੰਡੀ ਨਹੀਂ ਹੈ। ਇਹ ਸਾਡੀ ਰੂਹ ਦਾ ਹਿੱਸਾ ਹੈ। ਮੰਡੀ ਵਿਚ ਆਉਣ ਵਾਲੇ ਹਰ ਪਸ਼ੂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਸੀਂ ਵਿਆਪਕ ਪ੍ਰਬੰਧ ਕੀਤੇ ਹਨ।” ਉਨ੍ਹਾਂ ਦਸਿਆ ਕਿ ਮੇਲੇ ਦੇ ਮੈਦਾਨ ਵਿਚ ਇਕ ਸਮਰਪਤ ਆਰਜ਼ੀ ਵੈਟਰਨਰੀ ਡਿਸਪੈਂਸਰੀ ਸਥਾਪਤ ਕੀਤੀ ਗਈ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦਿੱਤ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ 40 ਮੈਂਬਰੀ ਟੀਮ ਦਾ ਗਠਨ ਕਰਕੇ ਮੇਲਾ ਸਥਾਨ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਪਸ਼ੂਆਂ ਲਈ 24 ਘੰਟੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰੇਗੀ ਅਤੇ ਜਾਨਵਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਕਰੇਗੀ। 

‘ਘੋੜਾ ਮੰਡੀ’ ਪ੍ਰਤੀ ਪਸ਼ੂ ਪ੍ਰੇਮੀਆਂ ਵਿਚ ਉਤਸ਼ਾਹ ਨੂੰ ਉਜਾਗਰ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਬਹੁਤ ਸਾਰੇ ਪਸ਼ੂ ਪਾਲਕ ਪਹਿਲਾਂ ਹੀ ਅਪਣੇ ਪਸ਼ੂਆਂ ਨੂੰ ਲੈ ਕੇ ਪਹੁੰਚ ਚੁੱਕੇ ਹਨ। ਪਸ਼ੂ ਪਾਲਣ ਮੰਤਰੀ ਨੇ ਪਸ਼ੂ ਪਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੇਲੇ ਵਿਚ ਸਿਰਫ਼ ਸਿਹਤਮੰਦ ਜਾਨਵਰ ਹੀ ਲਿਆਉਣ।