ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ 'ਚ ਦੋ ਸ਼ੂਟਰਾਂ ਸਮੇਤ ਤਿੰਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਨ ਪਾਠਕ ਅਤੇ ਤਰਨਦੀਪ ਸਿੰਘ ਵਜੋਂ ਹੋਈ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ

Three arrested including two shooters in Kabaddi promoter Rana Balachauria murder case

ਚੰਡੀਗੜ੍ਹ/ਮੋਹਾਲੀ: ਪੰਜਾਬ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਸ਼ਾਮਲ ਦੋ ਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਣਾ ਬਲਾਚੌਰੀਆ ਦਾ ਕਤਲ 15 ਦਸੰਬਰ 2025 ਨੂੰ ਸੈਕਟਰ-79, ਸੋਹਾਣਾ, ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕੀਤਾ ਗਿਆ ਸੀ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਅਤੇ ਤਰਨਦੀਪ ਸਿੰਘ ਵਜੋਂ ਹੋਈ ਹੈ। ਦੋਹਾਂ ਨੂੰ ਅੱਜ ਹਾਵੜਾ (ਪੱਛਮੀ ਬੰਗਾਲ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਵਿੱਚ ਸਿੱਕਮ ਪੁਲਿਸ, ਮੁੰਬਈ ਪੁਲਿਸ, ਪੱਛਮੀ ਬੰਗਾਲ ਐਸ.ਟੀ.ਐਫ਼, ਕੇਂਦਰੀ ਏਜੰਸੀਆਂ ਅਤੇ ਸਥਾਨਕ ਹਾਵੜਾ ਪੁਲਿਸ ਨੇ ਮਹੱਤਵਪੂਰਨ ਸਹਿਯੋਗ ਦਿੱਤਾ।

ਇਸ ਤੋਂ ਇਲਾਵਾ, ਵਿਦੇਸ਼ ਵਿੱਚ ਬੈਠੇ ਕਤਲ ਦੇ ਹੈਂਡਲਰ ਅਮਰ ਖੱਬੇ ਰਾਜਪੂਤਾ ਦੇ ਨੇੜਲੇ ਰਿਸ਼ਤੇਦਾਰ ਆਕਾਸ਼ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨਾਂ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਗਲੇਰੀ ਪੁੱਛਗਿੱਛ ਅਤੇ ਜਾਂਚ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਮਾਮਲੇ ਨੂੰ ਪੂਰੀ ਤਰ੍ਹਾਂ ਸੁਲਝਾਉਣ ਲਈ ਬਾਕੀ ਸਾਥੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀਆਂ ਜਾਰੀ ਹਨ। 

ਪੰਜਾਬ ਪੁਲਿਸ ਨੇ ਦੁਹਰਾਇਆ ਹੈ ਕਿ ਸੰਗਠਿਤ ਅਪਰਾਧ ਨੂੰ ਜੜ ਤੋਂ ਖਤਮ ਕਰਨ ਅਤੇ ਰਾਜ ਭਰ ਵਿੱਚ ਸ਼ਾਂਤੀ, ਕਾਨੂੰਨ-ਵਿਵਸਥਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ।