ਲੜਕੀ ਨਾਲ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਕੀਤਾ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਦਾਖਾ ਦੇ ਪਿੰਡ ਈਸੇਵਾਲ ਵਿਖੇ ਬੀਤੇ ਸਨਿਚਰਵਾਰ ਦੀ ਰਾਤ ਸਿੱਧਵਾ ਬ੍ਰਾਂਚ ਦੀ ਨਹਿਰ ਦੇ ਕਿਨਾਰੇ ਦੋਸਤ ਨਾਲ ਕਾਰ ਵਿਚ ਸੈਰ ਕਰਨ....

The police team investigation on the incident place

ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੇ ਪਿੰਡ ਈਸੇਵਾਲ ਵਿਖੇ ਬੀਤੇ ਸਨਿਚਰਵਾਰ ਦੀ ਰਾਤ ਸਿੱਧਵਾ ਬ੍ਰਾਂਚ ਦੀ ਨਹਿਰ ਦੇ ਕਿਨਾਰੇ ਦੋਸਤ ਨਾਲ ਕਾਰ ਵਿਚ ਸੈਰ ਕਰਨ ਆਈ ਇਕ ਲੜਕੀ ਨੂੰ ਦਰਜਨ ਦੇ ਕਰੀਬ ਲੜਕਿਆਂ ਨੇ ਅਗ਼ਵਾ ਕਰਕੇ ਗੈਂਗ ਰੇਪ ਕੀਤਾ ਅਤੇ ਲੜਕੀ ਕੋਲੋ 14 ਹਜ਼ਾਰ ਰੁਪਏ ਨਕਦ, ਦੋ ਸੋਨੇ ਦੀਆਂ ਅੰਗੂਠੀਆਂ ਖੋਹ ਲਈਆਂ ਅਤੇ ਦੋ ਲੱਖ ਰੁਪਏ ਫ਼ਿਰੋਤੀ ਦੀ ਮੰਗ ਕੀਤੀ ਪਰ ਰੁਪਏ ਨਾ ਮਿਲਣ 'ਤੇ ਮੁਲਜ਼ਮ ਲੜਕੀ ਅਤੇ ਉੇਸ ਦੇ ਸਾਥੀ ਨੂੰ ਰਾਤ ਦੋ ਵਜੇਂ ਛੱਡ ਕੇ ਫ਼ਰਾਰ ਹੋ ਗਏ। 
ਇਸ ਮਾਮਲੇ ਵਿਚ ਡਿਊਟੀ ਪ੍ਰਤੀ ਲਾਹਪਰਵਾਹੀ ਵਰਤਣ ਦੇ ਦੋਸ਼ ਵਿਚ ਐਸ..ਐਸ.ਪੀ. ਲੁਧਿਆਣਾ ਦਿਹਾਤੀ

ਵਰਿੰਦਰ ਸਿੰਘ ਬਰਾੜ ਨੇ ਥਾਣੇਦਾਰ ਵਿਦਿਆ ਰਤਨ ਨੂੰ ਸਸਪੈਂਡ ਕਰ ਦਿਤਾ ਅਤੇ ਲੜਕੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਸੁਧਾਰ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਦਾ ਅੱਜ ਮੈਡੀਕਲ ਕੀਤਾ ਜਾ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਆਈ.ਜੀ ਰਣਵੀਰ ਸਿੰਘ ਖਟੜਾ, ਐਸ.ਐਸ.ਪੀ ਵਰਿੰਦਰ ਸਿੰਘ ਬਰਾੜ, ਡੀ.ਐਸ.ਪੀ. ਅਮਨਦੀਪ ਸਿੰਘ ਬਰਾੜ ਅਤੇ ਹੋਰ ਪੁਲਿਸ ਦੇ ਅਧਿਕਾਰੀ ਪਹਿਲਾਂ ਸਿਵਲ ਹਸਪਤਾਲ ਸੁਧਾਰ ਵਿਖੇ ਪੁੱਜੇ ਅਤੇ ਪੀੜਤ ਲੜਕੀ ਨਾਲ ਗੱਲਬਾਤ ਉਪਰੰਤ ਪਿੰਡ ਈਸੇਵਾਲ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮੁਲਜ਼ਮਾਂ ਦੇ ਸਕੈਚ ਤਿਆਰ ਕਰਵਾਏ ਜਾ ਰਹੇ ਹਨ।

ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੇ ਦਸਿਆ ਲੜਕਾ ਅਤੇ ਲੜਕੀ ਅਪਣੀ ਕਾਰ ਵਿਚ ਜਦੋਂ ਈਸੇਵਾਲ ਪਹੁੰਚੇ ਤਾਂ ਦੋ ਮੋਟਰ ਸਾਇਕਲ ਸਵਾਰਾਂ ਨੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਨੂੰ ਜਬਰਦਸਤੀ ਕਾਰ ਵਿਚੋਂ ਖਿੱਚ ਕੇ ਬਾਹਰ ਕੱਢ ਲਿਆ ਅਤੇ ਅਪਣੇ ਹੋਰ ਸਾਥੀਆਂ ਨੂੰ ਵੀ ਮੌਕੇ 'ਤੇ ਬੁਲਾ ਲਿਆ। ਜਿਥੇ ਪੁਹੰਚੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਪਹਿਲਾ ਲੜਕੀ ਦੇ ਸਾਥੀ ਦੋਸਤ ਦੀ ਕੁੱਟਮਾਰ ਕੀਤੀ ਅਤੇ ਫਿਰ ਰਾਤ ਦਸ ਵਜੇਂ ਦੇ ਕਰੀਬ ਲੜਕੀ ਦੇ ਦੋਸਤ ਨੂੰ ਦੋ ਲੱਖ ਰੁਪਏ ਦਾ ਪ੍ਰਬੰਧ ਕਰਨ ਲਈ ਕਿਹਾ । ਇਸੇ ਦੌਰਾਨ ਮੁਲਜ਼ਮਾਂ ਨੇ ਲੜਕੀ ਨੂੰ ਫ਼ਾਰਮ ਹਾਊਸ ਵਿਚ ਲਿਜਾ ਕੇ ਵਾਰੀ-ਵਾਰੀ ਲੜਕੀ ਨਾਲ ਰੇਪ ਕੀਤਾ।

ਪੁਲਿਸ ਨੇ ਤਫ਼ਤੀਸ਼ ਕਰ ਕੇ ਪੀੜਤ ਲੜਕੀ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੁਧਿਆਣਾ ਦਿਹਾਤੀ ਪੁਲਿਸ ਨੇ ਚੈਲਜ ਦੇ ਰੂਪ ਵਿਚ ਲੈ ਰਹੀ ਹੈ ਅਤੇ ਭਰੋਸੇਯੋਗ ਸੂਤਰਾ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵਲੋਂ ਅੱਧੀ ਦਰਜਨ ਦੇ ਕਰੀਬ ਸ਼ੱਕੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਸੀ.ਆਈ.ਏ ਸਟਾਫ਼ ਜਗਰਾਓ ਵਿਚ ਪੁਛਗਿਛ ਕੀਤੀ ਜਾ ਰਹੀ ਸੀ ਪਰ ਪੁਲਿਸ ਪ੍ਰਸ਼ਾਸਨ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਅਤੇ ਪੁਲਿਸ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਆਉਣ ਵਾਲੇ ਦਿਨਾਂ ਵਿਚ ਪ੍ਰੈੱਸ ਕਾਨਫ਼ਰੰਸ ਕਰਕੇ ਖੁਲਾਸਾ ਕਰ ਸਕਦੀ ਹੈ।