ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਟਿੱਚ ਸਮਝਦੇ ਹਨ 'ਪੰਥਕ ਡੇਰੇਦਾਰ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਧਾਰੀ ਡੇਰਾ ਮੁਖੀਆਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਹੁਣ ਬਹੁਤੀ ਅਹਿਮੀਅਤ ਨਹੀਂ ਦਿਤੀ ਜਾ ਰਹੀ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ....

Shri Akal Takhat Sahib

ਅੰਮ੍ਰਿਤਸਰ : ਅੰਮ੍ਰਿਤਧਾਰੀ ਡੇਰਾ ਮੁਖੀਆਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਹੁਣ ਬਹੁਤੀ ਅਹਿਮੀਅਤ ਨਹੀਂ ਦਿਤੀ ਜਾ ਰਹੀ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ 'ਪੰਥਕ' ਡੇਰਾ ਮੁਖੀ ਵੀ ਟਿੱਚ ਜਾਣਦੇ ਹਨ, ਜੋ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ਪਰਖ ਦੀ ਘੜੀ ਹੈ। 28 ਜਨਵਰੀ ਨੂੰ 'ਜਥੇਦਾਰਾਂ' ਵਲੋਂ 26 ਨਵੰਬਰ 2018 ਨੂੰ ਨਿਰਮਲ ਕੁਟੀਆ ਜੋਹਲਾਂ ਜਲੰਧਰ ਦੇ ਮੁਖੀ ਬਾਬਾ ਜੀਤ ਸਿੰਘ ਤੇ ਸਹਾਇਕ ਮੁਖੀ ਬਾਬਾ ਜਸਪਾਲ ਸਿੰਘ ਨੂੰ 15 ਦਿਨਾਂ ਦਾ ਸਮਾਂ ਦੇ ਕੇ ਹੋਏ ਆਦੇਸ਼ ਦੀ ਪਾਲਣਾ ਕਰਨ ਲਈ ਵੀ ਚਿੱਠੀਆਂ ਕੱਢੀਆਂ ਗਈਆਂ ਹਨ।

ਦਸਣਯੋਗ ਹੈ ਕਿ ਪੰਜ ਜਥੇਦਾਰਾਂ ਦੀ 26 ਨਵੰਬਰ 2018 ਨੂੰ ਹੋਈ ਇਕੱਤਰਤਾ ਵਿਚ ਬਾਬਾ ਜੀਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਦੇ ਆਪਸੀ ਵਿਵਾਦ ਖ਼ਤਮ ਕਰਨ ਲਈ ਨਿਰਮਲ ਭੇਖ ਦੇ ਹੀ ਸਾਧੂਆਂ ਵਿਚੋਂ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਸ ਵਲੋਂ ਕੀਤੀ ਗਈ ਪੜਤਾਲੀਆ ਰੀਪੋਰਟ ਦੇ ਆਧਾਰ 'ਤੇ ਬਾਬਾ ਜਸਪਾਲ ਸਿੰਘ ਨੂੰ ਨਿਰਮਲ ਭੇਖ ਵਲੋਂ ਸਹਾਇਕ ਸਥਾਪਤ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਸਹਾਇਕ ਪਦ ਤੋਂ ਹਟਾਉਣ ਦਾ ਅਧਿਕਾਰ ਵੀ ਕੇਵਲ ਨਿਰਮਲ ਭੇਖ ਕੋਲ ਹੀ ਹੈ। ਇਸ ਲਈ ਬਾਬਾ ਜੀਤ ਸਿੰਘ ਨੂੰ ਆਦੇਸ਼ ਕੀਤਾ ਸੀ ਕਿ ਬਾਬਾ ਜਸਪਾਲ ਨਿਰਮਲ ਕੁਟੀਆ ਜੌਹਲਾਂ ਪਹਿਲਾਂ ਦੀ ਤਰ੍ਹਾਂ ਕਾਰਜਸ਼ੀਲ

ਰਹਿ ਕੇ ਪਹਿਲਾ ਵਾਂਗ ਅਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ। ਇਸ ਇੱਕਤਰਤਾ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਸੀ ਕਿ ਜਿਹੜੀ ਵੀ ਧਿਰ ਹਉਮੈ ਵਿਚ ਇਸ ਆਦੇਸ਼ ਨੂੰ ਅਪ੍ਰਵਾਨ ਕਰੇਗੀ ਵਿਰੁਧ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੋਏ ਆਦੇਸ਼ ਦੀ ਪਾਲਣਾ ਨਾ ਹੋਣ ਕਾਰਨ ਉਪਰੋਕਤਾਂ ਨੂੰ 28 ਜਨਵਰੀ 2019 ਨੂੰ ਮੁੜ ਚਿੱਠੀਆਂ ਭੇਜ ਕੇ ਹੋਏ ਆਦੇਸ਼ ਦੀ ਪਾਲਣਾ ਕਰਨ ਲਈ ਅਗਾਹ ਕੀਤਾ ਹੈ ਅਤੇ 15 ਦਿਨਾਂ ਵਿਚ ਰੀਪੋਰਟ ਵੀ ਮੰਗੀ ਹੈ, ਪਰ ਬਾਬਾ ਜੀਤ ਸਿੰਘ ਤੇ ਬਾਬਾ ਜਸਪਾਲ ਸਿੰਘ ਵਲੋਂ ਕੋਈ ਸਾਰਥਕ ਜਵਾਬ ਨਹੀਂ ਆਇਆ।