8 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ
ਤਿੰਨ ਹਫ਼ਤੇ ਦੇ ਸੈਸ਼ਨ ਵਿਚ 10 ਤੋਂ 12 ਬੈਠਕਾਂ ਸੰਭਵ
ਚੰਡੀਗੜ੍ਹ (ਜੀ.ਸੀ. ਭਾਰਦਵਾਜ): ਪੰਜਾਬ ਦੀ ਮੌਜੂਦਾ ਵਿਧਾਨ ਸਭਾ ਦਾ ਬਜਟ ਇਜਲਾਸ ਐਤਕੀਂ ਅਗਲੇ ਮਹੀਨੇ ਦੀ 8 ਤਰੀਕ ਸੋਮਵਾਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੌਜੂਦਾ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਸਾਲ 2021-22 ਦੇ ਬਜਟ ਪ੍ਰਸਤਾਵ ਇਸ ਸੈਸ਼ਨ ਵਿਚ ਆਖ਼ਰੀ ਵਾਰ ਕਰਨਗੇ ਕਿਉਂਕਿ ਜਨਵਰੀ 2022 ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ।
ਵਿਧਾਨ ਸਭਾ ਤੇ ਸਰਕਾਰ ਦੇ ਅੰਦਰੂਨੀ ਸੂਤਰਾਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲੱਗਾ ਹੈ ਕਿ ਰਾਜਪਾਲ, ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਵਿਚ ਆਪਸੀ ਸਹਿਮਤੀ ਨਾਲ ਫ਼ਰਵਰੀ 22 ਜਾਂ ਮਾਰਚ 8 ਤੋਂ ਇਜਲਾਸ ਸ਼ੁਰੂ ਕਰਨ ਦਾ ਮਸ਼ਵਰਾ ਚਲ ਰਿਹਾ ਸੀ ਪਰ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਕਾਰਨ ਫ਼ਰਵਰੀ 22 ਨੂੰ ਸੈਸ਼ਨ ਦੀ ਸ਼ੁਰੂਆਤ ਕਰਨੀ ਜਲਦਬਾਜ਼ੀ ਹੋਵੇਗੀ ਕਿਉਂਕਿ ਸੁਰੱਖਿਆ ਤਿਆਰੀ ਅਤੇ ਬੰਦੋਬਸਤ ਵਾਸਤੇ ਸਮਾਂ ਘੱਟ ਹੈ।
ਸੂਤਰਾਂ ਨੇ ਦੱਸਿਆ ਕਿ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਪਹਿਲੇ ਦਿਨ ਸਦਨ ਨੂੰ ਭਾਸ਼ਣ ਦੇਣ ਨਾਲ ਸ਼ੁਰੂ ਹੋਣ ਵਾਲੇ ਇਜਲਾਸ ਦੀਆਂ 10 ਤੋਂ 12 ਬੈਠਕਾਂ ਹੀ ਸੰਭਵ ਹੋਣਗੀਆਂ। ਇਨ੍ਹਾਂ ਵਿਚ 2 ਬੈਠਕਾਂ, ਗਵਰਨਰ ਦੇ ਭਾਸ਼ਣ ’ਤੇ ਧਨਵਾਦ ਮਤੇ ਦੀ ਬਹਿਸ ਲਈ 2 ਦਿਨ ਬਜਟ ਪ੍ਰਸਤਾਵਾਂ ਤੇ ਚਰਚਾ ਲਈ ਇਕ ਇਕ ਦਿਨ ਬਜਟ ਪੇਸ਼ ਕਰਨ, ਬਿਲ ਬਗ਼ੈਰਾ ਪਾਸ ਕਰਨ ਅਤੇ 3 ਵੀਰਵਾਰ ਗ਼ੈਰ ਸਰਕਾਰੀ ਮਤਿਆਂ ਵਾਸਤੇ ਇਸ ਤਰ੍ਹਾਂ ਕੁਲ ਮਿਲਾ ਕੇ 3 ਹਫ਼ਤੇ ਇਜਲਾਸ ਚਲੇਗਾ। ਇਹ ਵਰ੍ਹਾ ਚੋਣਾਂ ਲਈ ਆਉਂਦੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਅਤੇ ਇਸ ਦੀਆਂ ਨਾਕਾਮੀਆਂ ਬਾਰੇ ਵਿਰੋਧੀ ਧਿਰਾਂ ਵਲੋਂ ਸਖ਼ਤ ਆਲੋਚਨਾ ਦਾ ਹੋਣ ਕਰ ਕੇ ਆਉਂਦਾ ਇਜਲਾਸ ਬੜਾ ਅਹਿਮ ਹੋਵੇਗਾ।
ਇਹ ਸੈਸ਼ਨ ਸਰਕਾਰ ਤੇ ਵਿਰੋਧੀ ਧਿਰਾਂ ਲਈ ਇਸ ਕਰ ਕੇ ਵੀ ਮਹੱਤਵਪੂਰਣ ਹੈ ਕਿਉਂਕਿ ਕੇਂਦਰ ਦੇ 3 ਖੇਤੀ ਕਾਨੂੰਨਾਂ ਵਿਰੁਧ ਛਿੜਿਆ ਕਿਸਾਨੀ ਅੰਦੋਲਨ ਹੱਲ ਹੋਣ ਤੋਂ ਦੂਰ ਹੀ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਵਿਚ ਸੱਤਾਧਾਰੀ ਕਾਂਗਰਸ, ਅਕਾਲੀ ਦਲ, ਬੀਜੇਪੀ, ਆਪ ਤੇ ਹੋਰ ਦਲ ਤੇ ਜਥੇਬੰਦੀਆਂ ਇਕ ਦੂਜੇ ’ਤੇ ਤੋਹਮਤਾਂ ਲਾ ਕੇ ਕਿਸਾਨੀ ਅੰਦੋਲਨ ਦਾ ਲਾਹਾ ਖੱਟਣ ਦੇ ਰੌਂਅ ਵਿਚ ਹਨ ਅਤੇ ਇਸ ਇਜਲਾਸ ਵਿਚ ਆਹਮੋ ਸਾਹਮਣੇ ਹੋ ਕੇ ਇਕ ਦੂਜੇ ਨੂੰ ਪਛਾੜਨ ਵਿਚ ਲੱਗ ਜਾਣਗੀਆਂ।