ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਲਾਜ਼ਮੀ
ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਲਾਜ਼ਮੀ
ਅੰਮਿ੍ਤਸਰ, 11 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਸਿੱਖ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ | ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਵਲੋਂ 18 ਫ਼ਰਵਰੀ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਜ਼ਰੂਰੀ ਕੀਤਾ ਗਿਆ ਹੈ | ਸ਼ਹੀਦੀ ਸਾਕੇ ਦੀ ਸ਼ਤਾਬਦੀ ਸਬੰਧੀ 18 ਫ਼ਰਵਰੀ ਤੋਂ 25 ਫ਼ਰਵਰੀ ਤਕ ਜਥਾ ਪਾਕਿਸਤਾਨ ਜਾਵੇਗਾ |
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਸਿਆ ਕਿ ਸ਼ਹੀਦੀ ਸਾਕੇ ਦੇ ਸੌ ਸਾਲਾ ਦਿਹਾੜੇ ਸਮੇਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾ ਰਿਹਾ ਹੈ | ਇਸ ਸਬੰਧ ਵਿਚ ਪਾਕਿਸਤਾਨ ਅੰਬੈਸੀ ਨੂੰ ਵੇਰਵੇ ਭੇਜੇ ਗਏ ਹਨ | ਜਿਨ੍ਹਾਂ ਵੀ ਸ਼ਰਧਾਲੂਆਂ ਨੇ ਅਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਕੋਲ ਜਮ੍ਹਾਂ ਕਰਵਾਏ ਹਨ, ਅੰਬੈਸੀ ਅਨੁਸਾਰ ਉਨ੍ਹਾਂ ਲਈ 18 ਫ਼ਰਵਰੀ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਜ਼ਰੂਰੀ ਹੋਵੇਗਾ | ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵੀ ਸਿਹਤ ਵਿਭਾਗ ਵਲੋਂ 15 ਅਤੇ 16 ਫ਼ਰਵਰੀ ਨੂੰ ਸਵੇਰੇ 10:00 ਵਜੇ ਤੋਂ ਕੋਰੋਨਾ ਟੈਸਟ ਲਈ ਕੈਂਪ ਲਗਾਇਆ ਜਾ ਰਿਹਾ ਹੈ | ਜਿਹੜੇ ਸ਼ਰਧਾਲੂਆਂ ਨੇ ਪਾਸਪੋਰਟ ਜਮ੍ਹਾਂ ਕਰਵਾਏ ਹਨ, ਉਹ ਅਪਣਾ ਕੋਰੋਨਾ ਟੈਸਟ ਕਰਵਾਉਣ ਉਕਤ ਤਰੀਕਾਂ ਅਨੁਸਾਰ ਪੁੱਜ ਸਕਦੇ ਹਨ | ਸ਼ਰਧਾਲੂ ਅਪਣੇ ਤੌਰ 'ਤੇ ਵੀ 18 ਫ਼ਰਵਰੀ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾ ਸਕਦੇ ਹਨ |
ਕੈਪਸ਼ਨ-ਏ ਐਸ ਆਰ ਬਹੋੜੂ— 11— 1—ਬੀਬੀ ਜਗੀਰ ਕੌਰ |