Sirsa: ਮਾਣਹਾਨੀ ਮਾਮਲੇ ’ਚ ਦਿੱਲੀ ਦੀ ਅਦਾਲਤ ਨੇ ਡੇਰਾ ਸੱਚਾ ਸੌਦਾ ਟਰੱਸਟ ’ਤੇ ਲਗਾਇਆ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

Sirsa: ਵਕੀਲਾਂ ਵਲੋਂ ਤਰੀਕ ਤੇ ਤਰੀਕ ਮੰਗਣ ਕਾਰਨ ਭੜਕੇ ਜੱਜ 

Delhi court imposes fine on Dera Sacha Sauda Trust in defamation case

 

Sirsa: ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸਿਰਸਾ ਦੇ ਡੇਰਾ ਸੱਚਾ ਸੌਦਾ ਟਰੱਸਟ ’ਤੇ 2000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਇਹ ਜੁਰਮਾਨਾ ਮਾਣਹਾਨੀ ਦੇ ਕੇਸ ਵਿਚ ਵਾਰ-ਵਾਰ ਤਰੀਕਾਂ ਲੈਣ ਕਾਰਨ ਲਾਇਆ ਹੈ। ਮੰਗਲਵਾਰ ਨੂੰ ਸਿਰਸਾ ਦੇ ਮੋਹਿਤ ਗੁਪਤਾ ਅਤੇ ਹੋਰਾਂ ਵਿਰੁਧ 1 ਕਰੋੜ ਰੁਪਏ ਦੇ ਮਾਣਹਾਨੀ ਮਾਮਲੇ ’ਚ ਸੁਣਵਾਈ ਹੋਈ।

ਇਸ ਸੁਣਵਾਈ ਦੌਰਾਨ ਡੇਰੇ ਦੇ ਵਕੀਲਾਂ ਨੇ ਕਿਹਾ ਕਿ ਸਾਡੇ ਮੁੱਖ ਵਕੀਲ ਬਾਰ ਕੌਂਸਲ ਦੀ ਚੋਣ ਲੜ ਰਹੇ ਹਨ, ਇਸ ਲਈ ਅਗਲੀ ਤਰੀਕ ਮੰਗੀ ਹੈ। ਅਦਾਲਤ ਨੇ ਜ਼ੁਬਾਨੀ ਟਿਪਣੀ ਕਰਦਿਆਂ ਕਿਹਾ ਕਿ ਇਹ ਤਰੀਕਾ ਨਹੀਂ ਹੈ। ਜਿਸ ’ਤੇ ਅਦਾਲਤ ਨੇ ਉਸ ’ਤੇ ਦੋ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਕਿਉਂਕਿ ਪਿਛਲੀ ਸੁਣਵਾਈ 19 ਨਵੰਬਰ ਨੂੰ ਹੋਈ ਸੀ। ਉਸ ਸਮੇਂ ਵੀ ਡੇਰੇ ਦੇ ਵਕੀਲ ਨੇ ਕਿਹਾ ਸੀ ਕਿ ਮੁੱਖ ਵਕੀਲ ਦਾ ਐਕਸੀਡੈਂਟ ਹੋ ਗਿਆ ਸੀ। ਜਿਸ ਤੋਂ ਬਾਅਦ 11 ਫ਼ਰਵਰੀ ਦੀ ਤਰੀਕ ਮਿਲੀ ਸੀ।

ਦਸਣਯੋਗ ਹੈ ਕਿ 16 ਨਵੰਬਰ 2022 ਨੂੰ ਦਿੱਲੀ ਦੇ ਨਿਤਿਨ ਸ਼ਰਮਾ ਨੇ ਸਿਰਸਾ ਨਿਵਾਸੀ ਮੋਹਿਤ ਗੁਪਤਾ ’ਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਸਿਟੀ ਥਾਣੇ ’ਚ ਮਾਮਲਾ ਦਰਜ ਕਰਵਾਇਆ ਸੀ। ਨਿਤਿਨ ਸ਼ਰਮਾ ਨੇ ਅਪਣੀ ਸ਼ਿਕਾਇਤ ’ਚ ਲਿਖਿਆ ਸੀ ਕਿ ਮੋਹਿਤ ਗੁਪਤਾ ਅਪਣੇ ਚੈਨਲ ’ਤੇ ਉਸ ਦੇ ਗੁਰੂ ਵਿਰੁਧ ਅਪਸ਼ਬਦ ਬੋਲਦਾ ਹੈ, ਜਿਸ ਕਾਰਨ ਉਸ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਮੋਹਿਤ ਗੁਪਤਾ ਅਪਣੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਸਟੇਅ ਲਗਾ ਦਿਤੀ। ਡੇਰਾ ਸੱਚਾ ਸੌਦਾ ਨੇ ਮੋਹਿਤ ਗੁਪਤਾ ’ਤੇ 1 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਮੋਹਿਤ ਗੁਪਤਾ ਦੇ ਵਕੀਲ ਧਰੁਵ ਅਗਰਵਾਲ ਨੇ ਜੁਰਮਾਨਾ ਲਗਾਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 21 ਅਪ੍ਰੈਲ ਹੈ।