1991 ਬੈਚ ਦੇ IAS ਵੇਣੂ ਪ੍ਰਸਾਦ ਹੋਣਗੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ
ਭਗਵੰਤ ਮਾਨ ਨੇ ਕੀਤਾ ਨਿਯੁਕਤ
ਫਗਵਾੜਾ : ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ ਏ. ਵੇਣੂ ਪ੍ਰਸਾਦ ਨੂੰ ਨਿਯੁਕਤ ਕੀਤਾ ਗਿਆ ਹੈ। ਏ. ਵੇਣੂ ਪ੍ਰਸਾਦ ਸਾਲ 1991 ਬੈਚ ਦੇ ਆਈ. ਏ. ਐੱਸ. ਅਫ਼ਸਰ ਹਨ ਅਤੇ ਇਸ ਸਮੇਂ ਐਡੀਸ਼ਨਲ ਚੀਫ਼ ਸਕੱਤਰ ਟੈਕਸੇਸ਼ਨ ਲੱਗੇ ਹੋਏ ਹਨ। ਏ. ਵੇਣੂ ਪ੍ਰਸਾਦ ਹੁਸਨ ਲਾਲ ਦੀ ਥਾਂ ਲੈਣਗੇ। ਹੁਸਨ ਲਾਲ ਦੀ ਨਵੀਂ ਨਿਯੁਕਤੀ ਦੇ ਹੁਕਮ ਅਜੇ ਜਾਰੀ ਨਹੀਂ ਹੋਏ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੁਲਿਸ ਵਿਭਾਗ ਵਿਚ ਵੀ ਫੇਰਬਦਲ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਵੀਕੇ ਭਾਵਰਾ ਨੂੰ ਯੂਪੀਐਸਸੀ ਪੈਨਲ ਰਾਹੀਂ ਡੀਜੀਪੀ ਬਣਾਇਆ ਗਿਆ ਹੈ। ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਮਜ਼ਬੂਰੀ ਵਿੱਚ ਰੱਖਣਾ ਪਿਆ। ਚਰਨਜੀਤ ਚੰਨੀ ਇਕਬਾਲਪ੍ਰੀਤ ਸਹੋਤਾ ਅਤੇ ਨਵਜੋਤ ਸਿੱਧੂ ਸਿਧਾਰਥ ਚਟੋਪਾਧਿਆਏ ਨੂੰ ਕੁਰਸੀ 'ਤੇ ਬਿਠਾਉਣਾ ਚਾਹੁੰਦੇ ਸਨ ਪਰ ਹੁਣ ਦੋਵੇਂ ਛੱਡ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਮੁੱਖ ਸਕੱਤਰ ਬਦਲ ਦਿੱਤੇ ਜਾਂਦੇ ਹਨ। ਸਰਵੇਸ਼ ਕੌਸ਼ਲ 2017 ਵਿਚ ਮੁੱਖ ਸਕੱਤਰ ਸਨ। ਜਦੋਂ ਕੈਪਟਨ ਸਰਕਾਰ ਸੱਤਾ ਵਿੱਚ ਆਈ ਤਾਂ ਸਹੁੰ ਚੁੱਕ ਕੇ ਉਹਨਾਂ ਨੂੰ ਹਟਾ ਕੇ ਕਰਨ ਅਵਤਾਰ ਸਿੰਘ ਨੂੰ ਬਿਠਾ ਦਿੱਤਾ। ਇਸ ਤੋਂ ਬਾਅਦ ਵਿਨੀ ਮਹਾਜਨ ਮੁੱਖ ਸਕੱਤਰ ਬਣੀ। ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਵਿਨੀ ਮਹਾਜਨ ਦੀ ਥਾਂ ਅਨਿਰੁਧ ਤਿਵਾਰੀ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਉਨ੍ਹਾਂ ਦੀ ਪਾਰਟੀ ਨੇ ਪੰਜਾਬ ਚੋਣਾਂ ਵਿਚ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਹਨ। ਇਹ ਸਹੁੰ ਚੁੱਕ ਸਮਾਗਮ ਨਵਾਂਸ਼ਹਿਰ ਦੇ ਖਟਕੜ ਕਲਾਂ ਵਿਚ ਹੋ ਰਿਹਾ ਹੈ। ਮੁੱਖ ਮੰਤਰੀ ਦੇ ਸਹੁੰ ਚੁੱਕਣ ਤੋਂ ਬਾਅਦ ਹੀ ਅਧਿਕਾਰੀਆਂ 'ਚ ਬਦਲਾਅ ਹੋਵੇਗਾ। ਜਿਸ ਦਾ ਅਸਰ ਜ਼ਿਲ੍ਹਾ ਪੱਧਰ 'ਤੇ ਵੀ ਦੇਖਣ ਨੂੰ ਮਿਲੇਗਾ। ਜ਼ਿਲ੍ਹਿਆਂ ਵਿੱਚ ਲੱਗੇ ਜ਼ਿਆਦਾਤਰ ਡੀਸੀ, ਐਸਐਸਪੀ ਅਤੇ ਪੁਲਿਸ ਕਮਿਸ਼ਨਰ ਕਾਂਗਰਸੀ ਆਗੂਆਂ ਦੇ ਕਰੀਬੀ ਹਨ।