ਭਗਵੰਤ ਮਾਨ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਅੱਜ ਪੇਸ਼ ਕਰਨਗੇ ਦਾਅਵਾ
ਭਗਵੰਤ ਮਾਨ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਅੱਜ ਪੇਸ਼ ਕਰਨਗੇ ਦਾਅਵਾ
ਸੰਹੁ ਚੁੱਕ ਸਮਾਗਮ 16 ਮਾਰਚ ਨੂੰ ਹੋਵੇਗਾ ਖਟਕੜ ਕਲਾਂ ਵਿਖੇ
ਚੰਡੀਗੜ੍ਹ, 11 ਮਾਰਚ (ਗੁਰਉਪਦੇਸ਼ ਭੁੱਲਰ) : ਸਾਰੇ ਚੋਣ ਨਤੀਜਿਆਂ ਦੇ ਅਧਿਕਾਰਤ ਤੌਰ 'ਤੇ ਐਲਾਨ ਹੋਣ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਗਠਨ ਲਈ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਪਾਰਟੀ ਵਲੋਂ ਐਲਾਨੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵਲੋਂ ਨਵੀਂ ਦਿੱਲੀ ਪਹੁੰਚ ਕੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਨਾਲ ਮੁਲਾਕਾਤ ਬਾਅਦ ਸੰਹੁ ਚੁੱਕ ਸਮਾਗਮ ਦੀ ਤਰੀਕ ਵੀ ਤੈਅ ਹੋ ਗਈ ਹੈ | ਅੱਜ ਵਿਧਾਇਕ ਦਲ ਦੀ ਮੀਟਿੰਗ 'ਚ ਰਸਮੀ ਤੌਰ 'ਤੇ ਨੇਤਾ ਚੁਣੇ ਜਾਣ ਬਾਅਦ ਹੁਣ 12 ਮਾਰਚ ਨੂੰ ਭਗਵੰਤ ਮਾਨ ਰਾਜਭਵਨ ਜਾ ਕੇ ਅਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ | ਇਸ ਮੌਕੇ ਪਾਰਟੀ ਵਲੋਂ ਰਾਘਵ ਚੱਢਾ ਰਾਜਪਾਲ ਨੂੰ ਮਾਨ ਦੇ ਮੁੱਖ ਮੰਤਰੀ ਅਹੁਦੇ ਲਈ ਚੁਣੇ ਜਾਣ ਦਾ ਲਿਖਤੀ ਪੱਤਰ ਦੇਣਗੇ | ਸੰਹੁ ਚੁੱਕ ਸਮਾਗਮ 16 ਮਾਰਚ ਨੂੰ ਰਖਿਆ ਗਿਆ ਹੈ, ਜੋ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਹੋਵੇਗਾ | ਇਸ ਦੀਆਂ ਸਰਕਾਰੀ ਤੌਰ 'ਤੇ ਤਿਆਰੀਆਂ ਵੀ ਸ਼ੁਰੂ ਹੋ ਚੁਕੀਆਂ ਹਨ | ਭਗਵੰਤ ਮਾਨ ਨੇ ਅੱਜ ਨਵੀਂ ਦਿੱਲੀ ਪਹੁੰਚ ਕੇ ਅਰਵਿੰਦ ਕੇਜਰੀਵਾਲ ਦੇ ਪੈਰ ਛੂਹਣ ਬਾਅਦ ਉਨ੍ਹਾਂ ਨੂੰ ਸੰਹੁ ਚੁੱਕ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ | ਬਾਅਦ 'ਚ ਸ਼ਾਮਲ ਹੋਣ ਦੀ ਟਵੀਟ ਕਰ ਕੇ ਪੁਸ਼ਟੀ ਕਰਦਿਆਂ ਕਿਹਾ ਕਿ ਮੇਰਾ ਛੋਟਾ ਭਰਾ ਮੁੱਖ ਮੰਤਰੀ ਦੀ ਸੰਹੁ ਚੁੱਕ ਰਿਹਾ, ਜੋ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ |