ਪੰਜਾਬ 'ਚ ਰਾਜ ਸਭਾ ਦੀਆਂ 7 ਸੀਟਾਂ 'ਤੇ ਚੋਣ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਰਾਜ ਸਭਾ ਦੀਆਂ 7 ਸੀਟਾਂ 'ਤੇ ਚੋਣ

image


ਕਾਂਗਰਸ 3,ਅਕਾਲੀ ਦਲ ਵੀ 3 ਅਤੇ ਭਾਜਪਾ 1 ਸੀਟ ਗੁਆਏਗੀ


ਚੰਡੀਗੜ੍ਹ, 11 ਮਾਰਚ (ਜੀ.ਸੀ.ਭਾਰਦਵਾਜ) : ਨਵੀਂ ਗਠਿਤ ਹੋ ਰਹੀ  16ਵੀਂ ਪੰਜਾਬ ਵਿਧਾਨ ਸਭਾ 'ਚ ਤਿੰਨ ਚੁਥਾਈ ਬਹੁਮਤ ਰਾਸਲ ਕਰਨ ਵਾਲੀ 93 ਮੈਂਬਰਾਂ (ਵਿਧਾਇਕਾਂ) ਵਾਲੀ 'ਆਪ' ਪਾਰਟੀ ਜਿਥੇ ਪੰਜਾਬ  'ਚ ਸਰਕਾਰ ਬਣਾਏਗੀ, ਉਥੇ ਪੰਜਾਬ ਦੀਆਂ ਕੁਲ 7 ਰਾਜ ਸਭਾ ਦੀਆਂ ਸੀਟਾਂ 'ਤੇ ਕਬਜ਼ਾ ਕਰ ਕੇ, ਪਾਰਲੀਮੈਂਟ ਦੇ ਉਪਰਲੇ ਸਦਨ 'ਚ 5ਵੀਂ ਵੱਡੀ ਪਾਰਟੀ ਬਣ ਕੇ ਉਭਰੇਗੀ |
ਅਪ੍ਰੈਲ 'ਚ ਇਹ 5 ਸੀਟਾਂ 'ਤੇ ਕਬਜ਼ਾ ਕਰੇਗੀ ਅਤੇ ਜੁਲਾਈ 'ਚ ਬਾਕੀ 2 ਸੀਟਾਂ 'ਤੇ ਅਪਣੇ 2 ਮੈਂਬਰ ਭੇਜੇਗੀ | ਪੰਜਾਬ ਦੇ ਹਿੱਸੇ ਦੀਆਂ ਕੁਲ 7 ਸੀਟਾਂ 'ਚੋਂ 5 ਮੈਂਬਰ ਅਪ੍ਰੈਲ 'ਚ ਅਪਣੀ 6 ਸਾਲ ਦੀ ਮਿਆਦ ਪੂਰੀ  9 ਤਾਰੀਖ਼ ਨੂੰ  ਕਰ ਰਹੇ ਹਨ ਅਤੇ ਬਾਕੀ 2 ਜੁਲਾਈ 'ਚ ਸੇਵਾਮੁਕਤ ਹੋ ਰਹੇ ਹਨ | ਕਾਂਗਰਸ ਦੇ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੁਲੋਂ, ਸ਼ੋ੍ਰਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੇੇ ਨਰੇਸ਼ ਗੁਜਰਾਲ ਅਤੇ ਭਾਜਪਾ ਦੇ ਸ਼ਵੇਤ ਮਲਿਕ ਅਪ੍ਰੈਲ 9 ਨੂੰ  ਸੇਵਾਮੁਕਤ ਹੋਣਗੇ ਜਦੋਂ ਕਿ ਕਾਂਗਰਸ ਦੀ ਅੰਬਿਕਾ ਸੋਨੀ ਤੇ ਅਕਾਲੀ ਆਗੂ ਬਲਵਿੰਦਰ ਭੂੰਦੜ ਜੁਲਾਈ ਮਹੀਨੇ ਅਪਣੀ 6 ਸਾਲ ਦੀ ਮਿਆਦ ਪੂਰੀ ਕਰਨਗੇ |
ਪਹਿਲੀਆਂ 5 ਸੀਟਾਂ 'ਤੇ 31 ਮਾਰਚ ਨੂੰ  ਪੰਜਾਬ ਦੇ ਵਿਧਾਇਕਾਂ ਵਲੋਂ ਵੋਟਾਂ ਪਾ ਕੇ ਮੈਂਬਰ ਚੁਣੇ ਜਾਣਗੇ, ਜਦੋਂ ਕਿ ਬਾਕੀ 2 ਸੀਟਾਂ ਜੁਲਾਈ ਮਹੀਨੇ ਭਰੀਆਂ ਜਾਣਗੀਆਂ | ਆਮ ਆਦਮੀ ਪਾਰਟੀ ਨੇ ਪੰਜਾਬ ਤੇ ਦਿੱਲੀ 'ਚੋਂ ਪਹਿਲਾਂ 5 ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ, ਜਿਨ੍ਹਾਂ 14 ਮਾਰਚ ਯਾਨੀ ਆਉਂਦੇ ਸੋਮਵਾਰ ਤੋਂ 21 ਮਾਰਚ ਤਕ ਅਪਣੇ ਕਾਗਜ਼ ਵਿਧਾਨ ਸਭਾ ਸਕੱਤਰ ਸੁਰਿੰਦਰ ਪਾਲ ਰਿਟਰਨਿੰਗ ਅਫ਼ਸਰ ਪਾਸ ਦਾਖ਼ਲ ਕਰਨੇ ਹਨ | ਵਿਧਾਇਕਾਂ ਨੇ ਵਿਧਾਨ ਸਭਾ ਹਾਲ 'ਚ 31 ਮਾਰਚ ਨੂੰ  ਪਹਿਲਾਂ 3 ਸੀਟਾਂ ਲਈ ਉਮੀਦਵਾਰਾਂ ਦੇ ਨਾਮ ਅੱਗੇ ਪਹਿਲੀ ਤੇ ਦੂਜੀ ਪਸੰਦ ਦੇ ਆਧਾਰ 'ਤੇ ਵੋਟ ਪਰਚੀ ਪਾਉਣੀ ਹੈ, ਫਿਰ 2 ਸੀਟਾਂ ਵਾਸਤੇ ਪਹਿਲ ਦੇ ਆਧਾਰ 'ਤੇ ਵੋਟ ਪਾਉਣੀ ਹੈ |
ਗਠਿਤ ਕੀਤੀ ਜਾ ਰਹੀ 16ਵੀਂ ਵਿਧਾਨ ਸਭਾ 'ਚ 'ਆਪ' ਦੇ 93 ਵਿਧਾਇਕ ਅਤੇ ਬਾਕੀ ਕੇਵਲ 24 ਮੈਂਬਰ,ਕਾਂਗਰਸ, ਅਕਾਲੀ ਦਲ, ਭਾਜਪਾ ਤੇ ਹੋਰਨਾਂ  ਦੇ ਚੁਣੇ ਗਏ ਹਨ | ਰਾਜਸਭਾ ਸੀਟਾਂ ਲਈ ਵਿਧਾਇਕਾਂ ਵਲੋਂ ਕੀਤੀ ਜਾਣ ਵਾਲੀ ਚੋਣ ਦੇ ਸੈੱਟ ਫ਼ਾਰਮੂਲੇ ਤਹਿਤ ਕੁਲ 117 ਵਿਧਾਇਕ ਹੋਣੇ ਜ਼ਰੂਰੀ ਹਨ ਤਾਂ ਹੀ ਦੂਜੀ ਪਸੰਦ ਦੇ ਆਧਾਰ 'ਤੇ ਇਕ ਸੀਟ ਦੇ ਹੱਕਦਾਰ ਹੋ ਸਕਦੀ ਹੈ |
ਇਸ ਵਾਰ ਦੀ ਪੰਜਾਬ ਵਿਧਾਨ ਸਪਾ ਚੋਣਾਂ 'ਚ 'ਆਪ' ਦੀ ਹੂੰਝਾ ਫੇਰ ਜਿੱਤ ਨੇ ਜਿਥੇ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ  ਨੁਕਰੇ ਲਗਾ ਦਿਤਾ, ਉਥੇ ਰਾਸ਼ਟਰੀ ਪੱਧਰ 'ਤੇ ਰਾਜ ਸਭਾ 'ਚ ਪਹਿਲੇ 3 ਮੈਂਬਰਾਂ  ਦੇ ਨਾਲ ਪੰਜਾਬ ਦੇ ਸਾਰੇ 7 ਮੈਂਬਰ ਇਸ ਉਪਰਲੇ ਸਦਨ 'ਚ ਭੇਜ ਕੇ ਭਾਜਪਾ, ਕਾਂਗਰਸ, ਤਿ੍ਣਾਮੂਲ ਕਾਂਗਰਸ ਅਤੇ ਡੀ.ਐਮ.ਕੇ ਤੋਂ ਬਾਅਦ 'ਆਪ' 5ਵੀਂ ਨੇ ਵੱਡੀ ਪਾਰਟੀ ਬਣ ਜਾਣਾ ਹੈ |
ਜ਼ਿਕਰਯੋਗ ਹੈ ਕਿ ਪੰਜਾਬ 'ਚੋਂ ਸਾਰੀਆਂ 7 ਸੀਟਾਂ 'ਤੇ ਇਸ ਤੋਂ ਪਹਿਲਾਂ 2016, 2010,2004,1998,1992 'ਚ ਚੋਣਾਂ ਹੋਈਆਂ ਸਨ | ਪਿਛਲੀ ਕਾਂਗਰਸ ਬਹੁਮਤ ਵਾਲੀ 2017-2022 ਸਰਕਾਰ ਵੇਲੇ ਕੋਈ ਚੋਣ ਨਹੀਂ ਹੋਈ | ਇਥੇ ਇਹ ਵੀ ਦਸਣਾ ਬਣਦਾ ਹੈ ਕਿ 243 ਸੀਟਾਂ ਵਾਲੇ ਇਸ ਮਜ਼ਬੂਤ ਸਦਨ 'ਚ ਤੀਜਾ ਹਿੱਸਾ ਮੈਂਬਰ ਅਪਣੀ 6 ਸਾਲ ਦੀ ਮਿਆਦ ਪੂਰੀ ਕਰ ਕੇ ਸੇਵਾਮੁਕਤ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਚੋਣ 2-2 ਸਾਲ ਬਾਅਦ ਚਲਦੀ ਰਹਿੰਦੀ ਹੈ | ਪੰਜਾਬ 'ਚੋਂ ਸਾਰੇ 7 ਮੈਂਬਰ ਇਕੋ ਵਾਰੀ ਸੇਵਾਮੁਕਤ ਹੋ ਜਾਂਦੇ ਹਨ ਅਤੇ ਸੀਟਾਂ ਇਕੱਠੀਆਂ ਭਰੀਆਂ ਜਾਂਦੀਆਂ ਹਨ | ਇਸ ਨੁਕਤੇ ਖ਼ਿਲਾਫ਼  ਦਾਖ਼ਲ ਪਟੀਸ਼ਨ ਅੰਤਿਮ ਫ਼ੈਸਲੇ ਲਈ ਸੁਪਰੀਮ ਕੋਰਟ 'ਚ ਨਿਲੰਬਤ ਪਈ ਹੈ |''