ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਭੜਕੇ ਰਾਜਾ ਵੜਿੰਗ, ਕਿਹਾ- ਸੰਗਤ ਤੋਂ ਮੰਗਣ ਮੁਆਫੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਨੂੰ ਆਪਣੇ ਬਿਆਨ ਤੇ ਮੰਗਣੀ ਚਾਹੀਦੀ ਹੈ ਮਾਫ਼ੀ- ਰਾਜਾ ਵੜਿੰਗ

Raja Warring

 

 

ਮੁਹਾਲੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਤੀਕ੍ਰਿਆ ਦੇਖਣ ਨੂੰ ਮਿਲੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਬਿਆਨ ਲਈ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ।  ਰਾਜਾ ਵੜਿੰਗ ਨੇ ਕਿਹਾ ਕਿ  ਜਥੇਦਾਰ ਸਾਹਿਬ ਜਿਹੜੇ ਤੁਹਾਨੂੰ ਫੋਨ ਤੇ ਈਮੇਲ ਆਏ ਉਹ ਜਨਤਕ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਦੁਨੀਆ ਵਿਚ ਰਹਿੰਦੇ ਕਿਹੜੇ ਸਿੱਖ ਨੂੰ ਅਕਾਲੀ ਦਲ ਦੇ ਖ਼ਤਮ ਹੋਣ ਨਾਲ ਆਪਣੇ ਆਪ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ।

 

 

ਰਾਜਾ ਵੜਿੰਗ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਬਿਆਨ ਨੇ ਸਾਰੇ ਸਿੱਖ ਜਗਤ ਦੇ ਮਨ ਨੂੰ ਠੇਸ ਪਹੁੰਚਾਈ ਹੈ। ਤੁਹਾਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਨੂੰ ਇਸ ਲਈ ਸਮੁੱਚੇ ਸਿੱਖ ਜਗਤ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਸੇਵਾ ਲਈ ਬਣਿਆ ਸੀ ਪਰ ਦੇਖਦੇ ਹੀ ਦੇਖਦੇ ਇਹ ਇਕ ਰਾਜਨੀਤੀ ਪਾਰਟੀ ਬਣ ਕੇ ਰਹਿ ਗਿਆ। ਤੁਸੀਂ ਕਿਸ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਮੈਨੂੰ ਲਗਦੈ ਹੈ ਕਿ ਤੁਸੀਂ ਵੀ ਇਸੇ ਰਾਜਨੀਤੀ ਪਾਰਟੀ ਦੀ ਗੱਲ ਕਰ ਰਹੇ ਹੋ।

 

ਉਨ੍ਹਾਂ ਕਿਹਾ ਕਿ ਰਾਜਨੀਤੀ ਪਾਰਟੀ ਖ਼ਤਮ ਹੋਣ ਨਾਲ ਪੰਥ ਖਤਮ ਨਹੀਂ ਹੋ ਜਾਂਦਾ ਹੈ। ਤੁਹਾਡਾ ਅਹੁਦਾ ਬਹੁਤ ਵੱਡਾ ਹੈ ਤੁਹਾਨੂੰ ਅਜਿਹੀ ਗੱਲ ਕਰਨੀ ਚੰਗੀ ਨਹੀਂ ਲਗਦੀ। ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕਿਉਂ ਇਕ ਹੀ ਚੈਨਲ ਨੂੰ ਗੁਰੂ ਸਾਹਿਬਾਨ ਦੀ ਬਾਣੀ ਦਿਖਾਉਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜਾਂ ਸਾਰੇ ਹੀ ਚੈਨਲਾਂ ਨੂੰ ਗੁਰਬਾਣੀ ਦਿਖਾਉਣ ਦਾ ਅਧਿਕਾਰ ਹੋਣਾ ਚਾਹੀਦਾ ਨਹੀਂ ਤਾਂ ਜੋ ਚੈਨਲ ਦਿਖਾ ਰਿਹਾ ਹੈ।

 

 

ਉਸ ਕੋਲੋਂ ਇਸ ਨਾਲ ਹੋਣ ਵਾਲੀ ਕਮਾਈ ਦਾ ਹਿਸਾਬ ਲੈ ਲੋਕਾਂ ਨੂੰ ਦੇਣਾ ਚਾਹੀਦਾ। ਅੱਗੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਤਾਂ ਆਵਾਜ਼ ਚੁੱਕਣੀ ਪਵੇਗੀ ਨਹੀਂ ਤਾਂ ਇਹ ਲੋਕ ਇਸੇ ਤਰ੍ਹਾਂ ਹੀ ਗੁਰੂ ਦੀ ਗੋਲਕ ਨੂੰ ਲੁੱਟਦੇ ਰਹਿਣਗੇ। ਉਨ੍ਹਾਂ ਕਿਹਾ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਜ਼ਰੂਰ ਦਿਓਗੇ । ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਸੀ।

ਉਹਨਾਂ ਕਿਹਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਸਿੱਖਾਂ ਅਤੇ ਦੇਸ਼ ਲ਼ਈ ਬਹੁਤ ਘਾਤਕ ਹੈ। ਸ਼੍ਰੋਮਣੀ ਅਕਾਲੀ ਦਲ ਦਾ ਖ਼ਤਮ ਹੋਣਾਂ ਸਿੱਖ ਭਾਈਚਾਰੇ ਅਤੇ ਦੇਸ਼ ਲਈ ਘਾਤਕ ਸਿੱਧ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿਚ ਵੀ ਅਪਣਾ ਵੱਡਾ ਯੋਗਦਾਨ ਪਾਇਆ ਹੈ। ਜਥੇਦਾਰ ਨੇ ਕਿਹਾ ਕਿ ਇਸ ਸਬੰਧ ’ਚ ਸਾਰੇ ਅਕਾਲੀ ਧੜਿਆਂ ਨੂੰ ਸ੍ਰੀ ਅਕਾਲ ਤਖ਼ਤ ’ਤੇ ਇਕੱਠੇ ਹੋਣ ਅਤੇ ਬੈਠਕ ਕਰਕੇ ਰਣਨੀਤੀ ਬਣਾਉਣ ਦੀ ਲੋੜ ਹੈ।