ਭਾਰਤੀ ਫ਼ੌਜ ਦੀ ਮਿਜ਼ਾਈਲ ਪਾਕਿ 'ਚ 124 ਕਿਲੋਮੀਟਰ ਅੰਦਰ ਡਿੱਗੀ
ਭਾਰਤੀ ਫ਼ੌਜ ਦੀ ਮਿਜ਼ਾਈਲ ਪਾਕਿ 'ਚ 124 ਕਿਲੋਮੀਟਰ ਅੰਦਰ ਡਿੱਗੀ
ਨਵੀਂ ਦਿੱਲੀ/ਇਸਲਾਮਾਬਾਦ, 11 ਮਾਰਚ : ਦੇਸ਼ ਦੇ ਰਖਿਆ ਮੰਤਰਾਲਾ ਨੇ ਮੰਨ ਲਿਆ ਹੈ ਕਿ 9 ਮਾਰਚ ਨੂੰ ਭਾਰਤ ਦੀ ਇਕ ਮਿਜ਼ਾਈਲ ਪਾਕਿਸਤਾਨ ਦੇ ਇਲਾਕੇ ਵਿਚ 124 ਕਿਲੋਮੀਟਰ ਅੰਦਰ ਡਿੱਗੀ ਸੀ | ਰਖਿਆ ਮੰਤਰਾਲਾ ਨੇ ਸ਼ੁਕਰਵਾਰ ਸ਼ਾਮ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ,''ਇਹ ਘਟਨਾ 'ਐਕਸੀਡੈਂਟਲ ਫ਼ਾਇਰਿੰਗ' ਕਾਰਨ ਹੋਈ | 9 ਮਾਰਚ 2022 ਨੂੰ ਆਮ ਰੱਖ-ਰਖਾਅ ਦੌਰਾਨ ਤਕਨੀਕੀ ਕਾਰਨ ਕਰ ਕੇ ਘਟਨਾ ਵਾਪਰੀ | ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ 'ਕੋਰਟ ਆਫ਼ ਇਨਕਵਾਇਰੀ' ਦੇ ਹੁਕਮ ਜਾਰੀ ਕੀਤੇ ਗਏ ਹਨ | ਘਟਨਾ 'ਤੇ ਭਾਰਤ ਨੇ ਦੁੱਖ ਪ੍ਰਗਟਾਇਆ ਹੈ | ਸ਼ੁਕਰ ਇਹ ਰਿਹਾ ਕਿ ਇਸ ਘਟਨਾ ਕਾਰਨ ਕਿਸੇ ਦੀ ਜਾਨ ਨਹੀਂ ਗਈ |
ਦਸਣਯੋਗ ਹੈ ਕਿ ਪਾਕਿਸਤਾਨ ਫ਼ੌਜ ਦੇ ਮੀਡੀਆ ਵਿੰਗ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਡੀਜੀ ਮੇਜਰ ਜਨਰਲ ਬਾਬਰ ਇਫ਼ਤਿਖ਼ਾਰ ਨੇ ਵੀਰਵਾਰ ਸ਼ਾਮ ਇਕ ਪ੍ਰੈੱਸ ਵਾਰਤਾ ਵਿਚ ਇਸ ਘਟਨਾ ਦਾ ਪ੍ਰਗਟਾਵਾ ਕੀਤਾ ਸੀ | ਬਾਬਰ ਨੇ ਕਿਹਾ ਸੀ ਕਿ,''ਭਾਰਤ ਵਲੋਂ ਜੋ ਚੀਜ਼ ਸਾਡੇ ਦੇਸ਼ 'ਤੇ ਦਾਗ਼ੀ ਗਈ, ਉਸ ਨੂੰ ਤੁਸੀਂ ਸੁਪਰ ਸੌਨਿਕ ਫ਼ਲਾਇੰਗ ਆਬਜੈਕਟ ਜਾਂ ਮਿਜ਼ਾਈਲ ਕਹਿ ਸਕਦੇ ਹੋ | ਇਸ ਵਿਚ ਕਿਸੇ ਤਰ੍ਹਾਂ ਦਾ ਹਥਿਆਰ ਜਾਂ ਬਾਰੂਦ ਨਹੀਂ ਸੀ | ਲਿਹਾਜ਼ਾ, ਕਿਸੇ ਤਰ੍ਹਾਂ ਦੀ ਤਬਾਹੀ ਨਹੀਂ ਹੋਈ |''
ਬਾਬਰ ਨੇ ਕਿਹਾ,''9 ਮਾਰਚ ਦੀ ਸ਼ਾਮ 6.43 'ਤੇ ਬੇਹਦ ਤੇਜ਼ ਰਫ਼ਤਾਰ ਨਾਲ ਇਕ ਮਿਜ਼ਾਈਲ ਭਾਰਤ ਤੋਂ ਪਾਕਿਸਤਾਨ ਵਲ ਦਾਗ਼ੀ ਗਈ | ਸਾਡੇ ਹਵਾਈ ਰਖਿਆ ਸਿਸਟਮ ਨੇ ਇਸ ਨੂੰ ਫੜ ਲਿਆ, ਪਰ ਇਹ ਤੇਜ਼ੀ ਨਾਲ ਮਿਆਂ ਚੰਨੂ ਇਲਾਕੇ ਵਿਚ ਜਾ ਡਿੱਗੀ | ਭਾਰਤ ਤੋਂ ਪਾਕਿਸਤਾਨ ਪਹੁੰਚਣ ਵਿਚ ਇਸ ਨੂੰ 3 ਮਿੰਟ ਲੱਗੇ | ਕੁੱਲ 124 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ | 6.50 'ਤੇ ਮਿਜ਼ਾਈਲ ਕ੍ਰੈਸ਼ ਹੋ ਗਈ | ਕੁੱਝ ਘਰਾਂ ਅਤੇ ਹੋਰ ਚੀਜ਼ਾਂ ਨੁਕਸਾਨੀਆਂ ਗਈਆਂ | ਇਹ ਮਿਜ਼ਾਈਲ ਭਾਰਤ ਦੇ ਸਿਰਸਾ ਤੋਂ ਦਾਗ਼ੀ ਗਈ ਸੀ | (ਪੀਟੀਆਈ)