Faridkot News: ਜੇਲ ਵਿੱਚ ਬੰਦ 2 ਵਿਚਾਰ ਅਧੀਨ ਕੈਦੀਆਂ ਤੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਕੈਦੀਆਂ ਨੇ ਕਬੂਲ ਕੀਤਾ ਕਿ ਹੋਮਗਾਰਡ ਅੰਦਰੋਂ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ

Faridkot175 grams of narcotic powder recovered from 2 undertrial prisoners lodged in jail

 

Faridkot News: ਜੇਲਾਂ ਵਿਚ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਜਾਰੀ ਹੈ। ਫ਼ਰੀਦਕੋਟ ਦੀ ਕੇਂਦਰੀ ਜੇਲ ਵਿਚੋਂ ਚੈਕਿੰਗ ਦੌਰਾਨ ਜੇਲ ਸਟਾਫ਼ ਨੇ ਜੇਲ ਵਿੱਚ ਬੰਦ ਦੋ ਵਿਚਾਰ ਅਧੀਨ ਕੈਦੀਆਂ ਕੋਲੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਕੈਦੀਆਂ ਨੇ ਕਬੂਲ ਕੀਤਾ ਕਿ ਜੇਲ ਵਿੱਚ ਤਾਇਨਾਤ ਹੋਮਗਾਰਡ ਜੇਲ ਦੇ ਅੰਦਰੋਂ ਬਾਹਰੋਂ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ। ਸਿਟੀ ਪੁਲਿਸ ਸਟੇਸ਼ਨ ਨੇ ਦੋ ਵਿਚਾਰ ਅਧੀਨ ਕੈਦੀਆਂ ਦੇ ਨਾਲ ਹੋਮਗਾਰਡ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

ਜੇਲ ਅਧਿਕਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਤਲਾਸ਼ੀ ਦੌਰਾਨ ਬਲਾਕ 11 ਦੀ ਬੈਰਕ-3 ਵਿੱਚ ਬੰਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧੀਰਵਾਲ ਦੇ ਰਹਿਣ ਵਾਲੇ ਅੰਡਰਟ੍ਰਾਇਲ ਕੁਲਦੀਪ ਸਿੰਘ ਉਰਫ਼ ਸੋਨੂੰ ਤੋਂ 95 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਅਤੇ ਕੋਟਕਪੂਰਾ ਦੇ ਰਹਿਣ ਵਾਲੇ ਮੋਹਿਤ ਕੁਮਾਰ ਤੋਂ 80 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। 

ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਪਿੰਡ ਰਣ ਸਿੰਘ ਵਾਲਾ ਦਾ ਰਹਿਣ ਵਾਲਾ ਹੋਮਗਾਰਡ ਗੁਰਮੁਖ ਸਿੰਘ ਜੇਲ ਵਿੱਚ ਬੰਦ ਅੰਡਰਟਰਾਇਲ ਕੈਦੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਵਿੱਚ ਸ਼ਾਮਲ ਸੀ।

 ਉਹ ਬਾਹਰਲੇ ਲੋਕਾਂ ਨਾਲ ਸੰਪਰਕ ਕਰਦਾ ਸੀ ਅਤੇ ਆਪਣੀ ਡਿਊਟੀ ਦੌਰਾਨ ਜੇਲ ਦੇ ਅੰਦਰ ਸੁੱਟੇ ਗਏ ਨਸ਼ੀਲੇ ਪਦਾਰਥ ਪ੍ਰਾਪਤ ਕਰਦਾ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਹੋਮਗਾਰਡ ਗੁਰਮੁਖ ਸਿੰਘ ਦੇ ਨਾਲ-ਨਾਲ ਦੋ ਕੈਦੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 

ਐੱਸ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਹੋਮ ਗਾਰਡ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲੈ ਲਿਆ ਗਿਆ ਹੈ। ਹੁਣ ਉਸ ਤੋਂ ਪੁੱਛਗਿੱਛ ਕਰ ਕੇ ਜੇਲ ਵਿੱਚ ਸਾਮਾਨ ਸੁੱਟਣ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ।