‘ਸਪੋਕਸਮੈਨ ਦੀ ਸੱਥ’ ’ਚ ਛਲਕਿਆ ਪਿੰਡ ਖਾਈ ਫੇਮੇ ਕੀ ਦੇ ਲੋਕਾਂ ਦਾ ਦਰਦ
MLA ਸ਼ਾਮ ਨੂੰ 5 ਵਜੇ ਤੋਂ ਬਾਅਦ ਫ਼ੋਨ ਨਹੀਂ ਚੁੱਕਦਾ, ਪੁਲਿਸ ਸਾਨੂੰ ਕਹਿੰਦੀ ਰਾਤ ਨੂੰ ਘਰ ਤੋਂ ਬਾਹਰ ਨਾ ਨਿਕਲੋ : ਪਿੰਡ ਵਾਸੀ
ਰੋਜ਼ਾਨਾ ਸਪੋਕਸਮੈਨ ਦੀ ਟੀਮ ਸਮੇਤ ਮੈਡਮ ਨਿਮਰਤ ਕੌਰ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਪਿੰਡ ਖਾਈ ਫੇਮੇ ਕੀ ਵਿਚ ਪਿੰਡ ਵਾਸੀਆਂ ਦੀਆਂ ਦਿਕਤਾਂ ਸਰਕਾਰ ਤਕ ਪਹੁੰਚਾਉਣ ਲਈ ਸੱਥ ਲਗਾਈ। ਪਿੰਡ ਇੰਨਾ ਵੱਡਾ ਹੈ ਕਿ ਤਿੰਨ ਪੰਚਾਇਤਾਂ ਹਨ। ਪਿੰਡ ਦੇ ਇਕ ਵਿਅਕਤੀ ਨੇ ਕਿਹਾ ਕਿ ਫ਼ਿਰੋਜ਼ਪੁਰ ਸਾਡੇ ਪਿੰਡ ਤੋਂ 8 ਕਿਲੋਮੀਟਰ ਦੂਰ ਹੈ ਇੰਨੇ ਸਫ਼ਰ ਵਿਚ ਹੀ ਜੇ ਅਸੀਂ ਮੋਟਰਸਾਈਕਲ ਜਾਂ ਪੈਦਲ ਜਾਈਏ ਤਾਂ ਸਾਨੂੰ ਰਸਤੇ ਵਿਚ ਤਿੰਨ ਵਾਰ ਲੁੱਟ ਲਿਆ ਜਾਵੇਗਾ। ਸਾਡੇ ਇਲਾਕੇ ਵਿਚ ਨਸ਼ਾ ਇੰਨਾ ਫੈਲ ਗਿਆ ਹੈ ਕਿ ਹਰ ਘਰ ਵਿਚ ਨਸ਼ਾ ਵੇਚਿਆ ਤੇ ਨਸ਼ਾ ਕੀਤਾ ਜਾਂਦਾ ਹੈ।
ਸਾਬਕਾ ਸਰਪੰਚ ਨੇ ਕਿਹਾ ਕਿ ਸਾਡੇ ਨਾਲ ਲਗਦੇ ਤਿੰਨ ਪਿੰਡ ਵਿਚ ਘਟੋ-ਘੱਟ 40 ਤੋਂ 50 ਮੁੰਡੇ ਨਸ਼ਾ ਵੇਚਦੇ ਹਨ ਤੇ ਸਾਰਾ ਕੁੱਝ ਪੁਲਿਸ ਨੂੰ ਪਤਾ ਹੈ ਤੇ 40-45 ਫ਼ੀ ਸਦੀ ਹਿੱਸਾ ਪੁਲਿਸ ਨੂੰ ਜਾਂਦਾ ਹੈ। ਜਦੋਂ ਪੁਲਿਸ ਦੇ ਘਰ ਪੈਸੇ ਜਾ ਰਹੇ ਹਨ ਤਾਂ ਫਿਰ ਉਨ੍ਹਾਂ ਨੂੰ ਪੁਲਿਸ ਕਿਉਂ ਫੜੇਗੀ। ਅਕਾਲੀਆਂ ਦੀ ਸਰਕਾਰ ਦੌਰਾਨ ਪੰਜਾਬ ’ਚ ਤੇ ਸਾਡੇ ਪਿੰਡ ਵਿਚ ਨਸ਼ਾ ਆਇਆ ਤੇ ਲੋਕਾਂ ਨੂੰ ਨਸ਼ੇ ਦੀ ਲੱਤ ਲੱਗੀ। ਵਿਹਲੇ ਹੋਣ ਕਰ ਕੇ ਨਸ਼ਾ ਨਹੀਂ ਲੱਗਦਾ, ਵਿਹਲੇ ਤਾਂ ਪਹਿਲਾਂ ਵੀ ਹੁੰਦੇ ਸੀ ਲੋਕ। ਅਸੀਂ ਕਹਿੰਦੇ ਹਾਂ ਕਿ ਨਸ਼ਾ ਬਾਰਡਰ ਪਾਰ ਤੋਂ ਆਉਂਦਾ ਹੈ, ਪਰ ਨਹੀਂ ਨਸ਼ਾ ਤਾਂ ਇਥੇ ਹੀ ਬਣਦਾ ਹੈ।
ਹਿਮਾਚਲ ਵਿਚ ਨਸ਼ੇ ਦੀ ਫ਼ੈਕਟਰੀ ਹੈ ਜਿਥੋਂ ਸਾਰਾ ਸਨਥੈਟਿਕ ਨਸ਼ਾ ਤਿਆਰ ਹੋ ਕੇ ਸਪਲਾਈ ਕੀਤਾ ਜਾਂਦਾ ਹੈ। ਜੋ ਬਾਰਡਰ ਪਾਰ ਤੋਂ ਆਈ ਹੈਰੋਇਨ 5 ਕਰੋੜ ਰੁਪਏ ਕਿੱਲੋ ਕੌਣ ਪੀ ਸਕਦਾ ਹੈ। ਜੇ ਕਿਸੇ ਨੂੰ ਪੁਲਿਸ ਨਸ਼ਾ ਵੇਚਦੇ ਫੜ ਵੀ ਲੈਂਦੀ ਹੈ ਤਾਂ ਪੈਸੇ ਲੈ ਕੇ ਛੱਡ ਦਿੰਦੀ ਹੈ। ਇਕ ਨੌਜਵਾਨ ਨੇ ਕਿਹਾ ਕਿ ਸਾਡੇ ਪਿੰਡ ਵਿਚ ਨਸ਼ੇ ਦੇ ਨਾਲ-ਨਾਲ ਚੋਰ ਵੀ ਬਹੁਤ ਹਨ, ਸਾਨੂੰ ਬਾਹਰ ਗਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਵਾਪਸ ਮੋਟਰਸਾਈਕਲ ’ਤੇ ਆਉਣਾ ਹੈ ਜਾਂ ਫਿਰ ਪੈਦਲ। ਜਦੋਂ ਅਸੀਂ ਪੁਲਿਸ ਕੋਲ ਮੋਟਰਸਾਈਕਲ ਚੋਰੀ ਦੀ ਰਿਪੋਰਟ ਲਿਖਵਾਉਣ ਜਾਂਦੇ ਹਾਂ ਤਾਂ ਪੁਲਿਸ ਕਹਿੰਦੀ ਹੈ ਕਿ ਇਹ ਕੋਈ ਚੋਰੀ ਥੋੜ੍ਹੀ ਹੈ,
ਪਹਿਲਾਂ ਹੀ ਤੇਰੇ ਵਰਗੇ 10 ਬੈਠੇ ਹਨ, ਤੂੰ ਵੀ ਉਨ੍ਹਾਂ ਨਾਲ ਜਾ ਕੇ ਬੈਠ ਜਾਹ। ਇਹ ਸਾਰੇ ਨਸ਼ਾ ਤੇ ਚੋਰੀ ਪੁਲਿਸ ਦੇ ਮਿਲੀਭੁਗਤ ਨਾਲ ਹੋ ਰਿਹਾ ਹੈ। ਸਾਡੇ ਪਿੰਡ ਵਿਚ ਇੰਨੇ ਜਾਇਜ਼ ਹਥਿਆਰ ਨਹੀਂ ਹੋਣੇ ਜਿੰਨੇ ਸਾਡੇ ਇਲਾਕੇ ਵਿਚ ਨਾਜਾਇਜ਼ ਹਥਿਆਰ ਹਨ। ਹਰੇਕ ਪਿੰਡ ਵਿਚ 30 ਤੋਂ 35 ਨਾਜਾਇਜ਼ ਹਥਿਆਰ ਹਨ। ਪੁਲਿਸ ਵਾਲਿਆਂ ਦੀਆਂ ਤਨਖ਼ਾਹਾਂ ਦੀਆਂ ਰੀਪੋਰਟਾਂ ਕਢਵਾ ਲਉ, ਉਨ੍ਹਾਂ ਦੀਆਂ ਸਾਰੀਆਂ ਤਨਖ਼ਾਹਾਂ ਉਦਾਂ ਹੀ ਖਾਤਿਆਂ ਵਿਚ ਪਈਆਂ ਰਹਿੰਦੀਆਂ ਹਨ ਤੇ ਸਾਰਾ ਖ਼ਰਚਾ ਉਪਰਲੀ ਕਮਾਈ ਤੋਂ ਹੀ ਚਲਦਾ ਹੈ।
ਸਾਡੇ ਪਿੰਡ ਵਿਚ ਪੰਜ ਬੈਂਕ ਤੇ 300 ਦੇ ਲਗਭਗ ਦੁਕਾਨਾਂ ਹਨ, ਪਰ ਫਿਰ ਵੀ ਸਾਡੇ ਪਿੰਡ ਨੂੰ ਕੋਈ ਸਿਕਿਊਰਟੀ ਨਹੀਂ ਹੈ। ਫ਼ਿਰੋਜ਼ਪੁਰ ਇਲਾਕੇ ਦਾ ਕੋਈ ਵਿਅਕਤੀ ਚੰਡੀਗੜ੍ਹ ਜਾ ਕੇ ਕਿਰਾਏ ’ਤੇ ਕਮਰਾ ਮੰਗੇ ਤਾਂ ਉਸ ਪਹਿਲਾਂ ਇਹ ਹੀ ਪੁੱਛਿਆ ਜਾਂਦਾ ਹੈ ਕਿ ਤੂੰ ਚਿੱਟਾ ਤਾਂ ਨਹੀਂ ਵੇਚਦਾ। ਵੋਟਾਂ ਪਈਆਂ ਨੂੰ ਤਿੰਨ ਸਾਲ ਹੋ ਗਏ ਹਨ, ਪਰ ਇਲਾਕੇ ਦਾ ਵਿਧਾਇਕ ਸਾਡੇ ਪਿੰਡ ਨਹੀਂ ਆਇਆ ਤੇ ਸ਼ਾਮ 5 ਵਜੇ ਤੋਂ ਬਾਅਦ ਫ਼ੋਨ ਨਹੀਂ ਚੁੱਕਦਾ। ਚਿੱਟਾ ਵੇਚਣ ਵਾਲੇ ਤੇ ਚੋਰੀ ਕਰਨ ਵਾਲੇ ਤਾਂ ਪੁਲਿਸ ਦੇ ਕਮਾਊ ਪੁੱਤ ਬਣੇ ਹੋਏ ਹਨ।
ਪੁਲਿਸ ਉਤੋਂ ਸਾਡਾ ਵਿਸ਼ਵਾਸ ਟੁੱਟ ਚੁੱਕਾ ਹੈ ਤੇ ਅਸੀਂ ਹੁਣ ਗੈਂਗਸ਼ਟਰਾਂ ਕੋਲ ਜਾਵਾਂਗੇ ਕਿ ਤੁਸੀਂ ਸਾਡੇ ਤੋਂ ਮਹੀਨਾ ਲਿਆ ਕਰੋ ਤੇ ਸਾਨੂੰ ਸਿਕਿਊਰਟੀ ਦਿਉ। ਸਾਡੇ ਪਿੰਡ ਦੀਆਂ ਜ਼ਰੂਰਤਾਂ ਤਾਂ ਬਹੁਤ ਹਨ, ਜਿਵੇਂ ਬੱਸ ਅੱਡੇ ਦੀ, ਪਾਣੀ ਦੀ, ਗਲੀਆਂ ਦੀ ਆਦਿ ਪਰ ਸਭ ਤੋਂ ਵੱਡੀ ਜ਼ਰੂਰਤ ਸਾਡੀ ਪੀੜ੍ਹੀ ਬਚਾਉਣ ਦੀ ਹੈ। ਐਸਐਚਓ ਸਾਨੂੰ ਕਹਿੰਦਾ ਹੈ ਕਿ ਤੁਸੀਂ ਰਾਤ 10 ਵਜੇ ਤੋਂ ਬਾਅਦ ਘਰੋਂ ਨਾ ਨਿਕਲੋ। ਸਾਡੇ ਪਿੰਡ ਵਿਚ ਵਧੀਆ ਸਕੂਲ ਹੈ, ਗਲੀਆਂ ਵਧੀਆਂ ਹਨ, 5 ਬੈਂਕ ਆਦਿ ਸਭ ਕੁੱਝ ਵਧੀਆ ਹੈ, ਬਸ ਇਕ ਪਾਣੀ ਦੀ ਨਿਕਾਸੀ ਦੀ ਸਭ ਤੋਂ ਵੱਡੀ ਘਾਟ ਹੈ।
ਸਾਡੇ ਪਿੰਡ ਵਿਚ ਜਿਹੜੇ ਨੌਜਵਾਨ ਚਿੱਟਾ ਨਹੀਂ ਖ਼ਰੀਦ ਸਕਦੇ ਉਹ ਮੈਡੀਕਲ ਨਸ਼ਾ ਕਰਦੇ ਹਨ ਤੇ ਹਰ ਇਕ ਦਵਾਈਆਂ ਦੀ ਦੁਕਾਨ ’ਤੇ ਮੈਡੀਕਲ ਨਸ਼ਾ ਵਿਕਦਾ ਹੈ। ਆਮ ਮੈਡੀਕਲ ਸਟੋਰ ਵਾਲੇ ਇਕ ਦਿਨ ਵਿਚ 2 ਤੋਂ 3 ਹਜ਼ਾਰ ਰੁਪਏ ਕਮਾਉਂਦਾ ਹੈ ਪਰ ਜਿਹੜੇ ਨਸ਼ੇ ਦੇ ਕੈਪਸੂਲ ਵੇਚਦੇ ਹਨ ਉਹ ਦਿਨ ਵਿਚ ਲੱਖਾਂ ਰੁਪਏ ਛਾਪਦੇ ਹਨ। ਪਿੰਡ ਦੀਆਂ ਬੀਬੀਆਂ ਨੇ ਕਿਹਾ ਕਿ ਸਾਡੇ ਬੱਚੇ ਬਹੁਤ ਨਸ਼ਾ ਕਰਦੇ ਹਨ ਤੇ ਘਰ ਵਿਚੋਂ ਆਟਾ ਤੇ ਭਾਂਡੇ ਚੁੱਕ ਕੇ ਵੇਚਦੇ ਹਨ ਤੇ ਨਸ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਇਕ ਨਸ਼ਾ ਛਡਾਊ ਕੇਂਦਰ ਹੀ ਖੁਲ੍ਹ ਜਾਵੇ, ਨਸ਼ਾ ਬੰਦ ਹੋ ਜਾਵੇ, ਮਾਵਾਂ ਦੇ ਪੁੱਤ ਬਚ ਜਾਣ।
ਸਾਡੇ ਪਿੰਡ ਵਿਚ 3 ਮਹੀਨਿਆਂ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਅਸੀਂ ਲੋਕਾਂ ਦੇ ਘਰ ਵਿਚ ਕੰਮ ਕਰ ਕੇ ਗੁਜ਼ਾਰਾ ਕਰਦੀਆਂ ਹਨ ਪਰ ਸਾਡੇ ਬੱਚੇ ਕੋਈ ਕੰਮ ਨਹੀਂ ਕਰਦੇ ਸਾਰਾ ਦਿਨ ਨਸ਼ਾ ਕਰਦੇ ਹਨ।