ਸ਼ਹਿਰ ਦੇ ਮੰਦਰਾਂ 'ਤੇ ਚੋਰਾਂ -ਸਨਾਤਨ ਧਰਮ ਤੇ ਦਿਗੰਬਰ ਜੈਨ ਮੁਨੀ ਮੰਦਰ 'ਚੋਂ 10 ਲੱਖ ਦੇ ਗਹਿਣੇ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

40 ਫ਼ੁਟ ਉੱਚੀ ਦਿਗੰਬਰ ਜੈਨ ਮੁਨੀ ਦੀ ਮੂਰਤੀ ਤੋਂ 8 ਕਿਲੋ ਦਾ ਛਤਰ ਲਾਹਿਆ 

Gold Stolen from temple

ਸ਼ਹਿਰ ਦੇ ਮੰਦਰਾਂ ਵਿਚ ਦੂਜੇ ਦਿਨ ਵੀ ਚੋਰੀਆਂ ਦਾ ਸਿਲਸਲਾ ਜਾਰੀ। ਸੋਮਵਾਰ-ਮੰਗਲਵਾਰ ਦੀ ਰਾਤ ਸੈਕਟਰ-19 ਦੇ ਸੀਤਾ-ਰਾਮ ਮੰਦਰ ਵਿਚ ਹੋਈ ਚੋਰੀ ਤੋਂ ਬਾਅਦ ਚੋਰਾਂ ਨੇ ਮੰਗਲਵਾਰ-ਬੁਧਵਾਰ ਦੀ ਰਾਤ ਸੈਕਟਰ-27 ਸਥਿਤ ਦੋ ਮੰਦਰਾਂ ਨੂੰ ਨਿਸ਼ਾਨਾ ਬਣਾਇਆ। ਦਿਗੰਬਰ ਜੈਨ ਮੰਦਰ ਅਤੇ ਸਨਾਤਨ ਧਰਮ ਮੰਦਰ ਤੋਂ ਚੋਰ ਚਾਂਦੀ ਦੇ ਕਰੀਬ 10 ਲੱਖ ਰੁਪਏ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਕੇ ਫ਼ਰਾਰ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਮੰਦਰਾਂ ਵਿਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਵਿਚ ਇਕੋ ਗਰੋਹ ਦਾ ਹੱਥ ਹੈ।ਸਨਾਤਨ ਧਰਮ ਮੰਦਰ ਦੇ ਜਰਨਲ ਸਕੱਤਰ ਸੰਜੀਵ ਸ਼ਰਮਾ ਨੇ ਪੁਲਿਸ ਨੂੰ ਦਸਿਆ ਕਿ ਰਾਤੀ ਕਰੀਬ 1:40 ਵਜੇ ਚਾਰ ਵਿਅਕਤੀ ਮੰਦਰ ਦੀ ਦੀਵਾਰ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਮੂਰਤੀਆਂ ਤੇ ਸਜੇ ਚਾਂਦੀ ਦੇ ਪੰਜ ਮੁਕਟ ਅਤੇ ਸ਼ਿਵਲਿੰਗ 'ਤੇ ਚੜ੍ਹਾਈ ਗਈ ਸੱਤ ਕਿਲੋ ਚਾਂਦੀ ਚੋਰੀ ਕਰ ਲੈ ਗਏ। ਵਾਰਦਾਤ ਦਾ ਪਤਾ ਸਵੇਰੇ 5 ਵਜੇ ਲੱਗਾ। ਜਦ ਇਕ ਕਰਮਚਾਰੀ ਮੰਦਰ ਦਾ ਗੇਟ ਖੋਲ੍ਹਣ ਲੱਗਾ ਅਤੇ ਉਸ ਨੇ ਵੇਖਿਆ ਕਿ ਤਾਲੇ ਟੁੱਟੇ ਹੋਏ ਹਨ ਅਤੇ ਮੂਰਤੀਆਂ ਤੋਂ ਗਹਿਣੇ ਆਦਿ ਗ਼ਾਇਬ ਸਨ। ਇਸ ਤੋਂ ਬਾਅਦ ਕਰਮਚਾਰੀ ਨੇ ਇਸ ਦੀ ਸੂਚਨਾ ਮੰਦਰ ਦੇ ਪੁਜਾਰੀ ਅਤੇ ਪ੍ਰਬੰਧਕਾਂ ਨੂੰ ਦਿਤੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਚੋਰ ਮੰਦਰ ਵਿਚ ਚੋਰੀ ਕਰ ਰਹੇ ਸਨ, ਉਸ ਸਮੇਂ ਮੰਦਰ ਵਿਚ 11 ਲੋਕ ਮੌਜੂਦ ਸਨ ਪਰ ਕਿਸੇ ਨੂੰ ਕੋਈ ਆਵਾਜ਼ ਨਹੀਂ ਆਈ।

ਪੁਲਿਸ ਮੁਤਾਬਕ ਮੰਦਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਿਰਿਆਂ ਵਿਚ ਚਾਰ ਚੋਰ ਕੈਦ ਹੋਏ ਹਨ ਜੋ 2:09 ਵਜੇ ਵਾਰਦਾਤ ਨੂੰ ਅੰਜਾਮ ਦੇ ਕੇ ਬਾਹਰ ਨਿਕਲ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਵਿਚੋਂ ਦੋ ਚੋਰ ਦਿਗੰਬਰ ਜੈਨ ਮੰਦਰ ਵਿਚ ਦਾਖ਼ਲ ਹੋਏ। ਜਿਥੇ 40 ਫ਼ੁਟ ਉਚੀ ਦਿਗੰਬਰ ਜੈਨ ਮੁਨੀ ਦੀ ਮੂਰਤੀ 'ਤੇ ਲੱਗਾ ਕਰੀਬ 8 ਕਿਲੋ ਦਾ ਛਤਰ ਚੋਰੀ ਕੀਤਾ।ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਡੀ.ਐਸ.ਪੀ. ਸਤੀਸ਼ ਕੁਮਾਰ ਅਤੇ ਸੈਕਟਰ-26 ਥਾਣਾ ਮੁਖੀ ਜਸਪਾਲ ਸਿੰਘ ਭੁੱਲਰ ਪੁੱਜੇ। ਮੌਕੇ 'ਤੇ ਖੋਜੀ ਕੁੱਤੇ ਅਤੇ ਸੀ.ਐਫ਼.ਐਸ.ਐਲ. ਦੀ ਟੀਮ ਵੀ ਪੁੱਜੀ, ਜਿਸ ਨੇ ਨਮੂਨੇ ਇਕੱਠੇ ਕੀਤੇ। ਪੁਲਿਸ ਮੁਤਾਬਕ ਦੋ ਚੋਰ ਨਕਾਬਪੋਸ਼ ਸਨ ਅਤੇ ਦੋ ਨੇ ਕੁੱਝ ਵੀ ਨਹੀਂ ਪਾਇਆ ਹੋਇਆ ਸੀ। ਡੀ.ਐਸ.ਪੀ. ਸਤੀਸ਼ ਕੁਮਾਰ ਨੇ ਦਸਿਆ ਕਿ ਵੱਖ-ਵੱਖ ਥਾਣਿਆਂ ਤੋਂ ਪੁਲਿਸ ਦੀ ਟੀਮ ਬਣਾਈ ਗਈ ਹੈ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸ਼ਹਿਰ ਦੇ ਸੁਨਿਆਰਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਕਿ ਚੋਰਾਂ ਦਾ ਪਤਾ ਲੱਗ ਸਕੇ।