ਜਾਖੜ ਦੀ ਸਿਵਲ ਸਕੱਤਰੇਤ ਵਿਖੇ ਬਦਸਲੂਕੀ ਮਗਰੋਂ ਚੁਪੀ ਤੋਂ ਮੁੱਖ ਮੰਤਰੀ ਖ਼ੇਮਾ ਸਕਤੇ 'ਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ ਸਿਵਲ ਸਕੱਤਰੇਤ ਵਿਖੇ ਬੁੱਧਵਾਰ ਨੂੰ...

sunil jhakar

ਚੰਡੀਗੜ੍ਹ, ( ਨੀਲ ਭਲਿੰਦਰ  ਸਿਂੰਘ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ ਸਿਵਲ ਸਕੱਤਰੇਤ ਵਿਖੇ ਬੁੱਧਵਾਰ ਨੂੰ ਦਰਪੇਸ਼ ਬਦਸਲੂਕੀ ਮਗਰੋਂ ਉਹਨਾਂ ਦੀ ਚੁਪੀ ਕਾਰਨ ਪੂਰਾ ਮੁੱਖ ਮੰਤਰੀ ਖੇਮਾ ਸਕਤੇ 'ਚ ਆ ਗਿਆ ਹੈ। ਅਸਲ 'ਚ ਜਾਖੜ ਨੂੰ ਅੱਜ ਉਦੋਂ ਨਮੋਸ਼ੀ ਦਾ ਸਿਕਾਰ ਹੋਣਾ ਪਿਆ ਜਦੋਂ ਉਹ ਅਧੀ ਦਰਜਨ ਤੋਂ ਜਿਆਦਾ ਵਿਧਾਇਕਾਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਆਏ ਹੋਏ ਸਨ। ਬਦਸਲੂਕੀ ਹੋਣ ਤੋਂ ਬਾਅਦ ਸੁਨੀਲ ਜਾਖੜ੍ਹ ਨੇ ਮੌਕੇ 'ਤੇ ਖੜ੍ਹੇ ਹੋਣ ਦੀ ਥਾਂ 'ਤੇ ਵਾਪਸੀ ਕਰਨਾ ਹੀ ਠੀਕ ਸਮਝਿਆ।

ਜਿਸ ਤੋਂ ਬਾਅਦ ਪੰਜਾਬ ਸਰਕਾਰ ਵਿਚ ਹੀ ਭੁਚਾਲ ਆ ਗਿਆ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਮਨਾਉਣ ਲਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਭੇਜਿਆ ਪਰ ਦੇਰ ਰਾਤ ਤਕ ਤ੍ਰਿਪਤ ਰਾਜਿੰਦਰ ਬਾਜਵਾ ਦੀ ਸੁਨੀਲ ਜਾਖੜ੍ਹ ਨਾਲ ਮੁਲਾਕਾਤ ਹੀ ਨਹੀਂ ਹੋ ਪਾਈ ਸੀ। ਦਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ੍ਹ ਦਿੱਲੀ ਲਈ ਰਵਾਨਾ ਹੋ ਗਏ ਹਨ। ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਵਿਧਾਇਕਾਂ ਨਾਲ ਮੁੱਖ ਮੰਤਰੀ ਨੂੰ ਮਿਲਣ ਲਈ ਆਉਣਾ ਸੀ। ਸੁਨੀਲ ਜਾਖੜ੍ਹ ਸਾਮ ਨੂੰ 5 ਵਜੇ ਜਿਵੇਂ ਹੀ ਮੁੱਖ ਮੰਤਰੀ ਦਫ਼ਤਰ ਵਿਚ ਦਾਖ਼ਲ ਹੋਣ ਲਗੇ ਤਾਂ ਬਾਹਰ ਖੜ੍ਹੇ ਇਕ ਇੰਸਪੈਕਟਰ ਨੇ ਉਨ੍ਹਾਂ ਨੂੰ ਮੋਬਾਇਲ ਫ਼ੋਨ ਬਾਹਰ ਰੱਖ ਕੇ ਜਾਣ ਲਈ ਕਹਿ ਦਿਤਾ। ਇਸ ਗੱਲ ਨੂੰ ਲੈ ਕੇ ਸੁਨੀਲ ਜਾਖੜ ਅਤੇ ਇੰਸਪੈਕਟਰ ਵਿਚ ਤਿੱਖੀ ਬਹਿਸ ਹੋ ਗਈ। ਇਸ ਤਰ੍ਹਾਂ ਬਦਸਲੂਕੀ ਹੁੰਦਾ ਦੇਖ ਸੁਨੀਲ ਜਾਖੜ ਗੁੱਸਾ ਖਾ ਗਏ ਅਤੇ ਉਹ ਬਿਨ੍ਹਾਂ ਮੋਬਾਇਲ ਅੰਦਰ ਜਾਣ ਦੀ ਥਾਂ 'ਤੇ ਮੁੱਖ ਮੰਤਰੀ ਦੇ ਦਫ਼ਤਰ ਨਾਲ ਚੀਫ਼ ਪ੍ਰਮੁੱਖ ਸਕੱਤਰ ਸੁਰੇਸ ਕੁਮਾਰ ਦੇ ਦਫ਼ਤਰ ਵਿਚ ਬੈਠ ਗਏ, ਜਿਥੋਂ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਨੇਹਾ ਭੇਜ ਦਿਤਾ ਕਿ ਉਨ੍ਹਾਂ ਨੂੰ ਮੋਬਾਇਲ ਦੇ ਨਾਲ ਅੰਦਰ ਨਹੀਂ ਆਉਣ ਦਿਤਾ ਜਾ ਰਿਹਾ ਹੈ।

ਸੁਨੀਲ ਜਾਖੜ੍ਹ ਸੁਨੇਹਾ ਭੇਜਣ ਤੋਂ ਬਾਅਦ ਲਗਭਗ 10 ਮਿੰਟ ਤੱਕ ਇੰਤਜ਼ਾਰ ਕਰਦੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਨੂੰ ਮੋਬਾਇਲ ਸਣੇ ਅੰਦਰ ਸੱਦ ਲੈਣਗੇ ਪਰ ਜਦੋਂ ਕੋਈ ਸੁਨੇਹਾ ਨਹੀਂ ਆਇਆ ਤਾਂ ਨਰਾਜ਼ ਹੋ ਕੇ ਸੁਨੀਲ ਜਾਖੜ ਬਿਨ੍ਹਾਂ ਅਮਰਿੰਦਰ ਸਿੰਘ ਨੂੰ ਮਿਲੇ ਹੀ ਮੌਕੇ ਤੋਂ ਚਲੇ ਗਏ। ਸੁਨੀਲ ਜਾਖੜ੍ਹ ਦੇ ਨਾਲ ਹੀ ਆਏ ਸਾਰੇ ਮੌਜੂਦਾ ਅਤੇ ਸਾਬਕਾ ਵਿਧਾਇਕ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਿਨ੍ਹਾਂ ਮਿਲੇ ਹੀ ਵਾਪਸ ਪਰਤ ਗਏ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਦੋਂ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਸੁਨੀਲ ਜਾਖੜ ਨਾਲ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਪਰ ਸੰਪਰਕ ਨਹੀਂ ਹੋਣ ਦੀ ਸੂਰਤ ਵਿਚ ਤ੍ਰਿਪਤ ਰਾਜਿੰਦਰ ਬਾਵਜਾ ਨੂੰ ਭੇਜਿਆ ਗਿਆ ਪਰ ਦੇਰ ਰਾਤ ਤਕ ਤ੍ਰਿਪਤ ਰਾਜਿੰਦਰ ਬਾਜਵਾ ਵੀ ਸੁਨੀਲ ਜਾਖੜ੍ਹ ਨਾਲ ਮੁਲਾਕਾਤ ਨਹੀਂ ਕਰ ਪਾਏ ਸਨ।