ਨਸ਼ਿਆਂ ਦਾ ਮਾਮਲਾ ਹਾਈ ਕੋਰਟ ਦੀ ਦੇਖ-ਰੇਖ 'ਚ ਹੋਵੇ ਸੀ.ਬੀ.ਆਈ. ਜਾਂਚ: ਖਹਿਰਾ
ਕਿਹਾ, ਮੁੱਖ ਮੰਤਰੀ ਬਾਦਲ ਪਰਵਾਰ ਤੇ ਮਜੀਠੀਆ ਨੂੰ ਬਚਾ ਰਿਹੈ
ਪੰਜਾਬ 'ਚ ਨਸ਼ਿਆਂ ਦੇ ਪਸਾਰ ਕਾਰਨ ਬਾਦਲ ਪਰਵਾਰ ਦੀ ਸਰਕਾਰ ਵਿਰੁਧ ਜ਼ੋਰਦਾਰ ਮੁਹਿੰਮ ਕਾਂਗਰਸ ਨੇ ਛੇੜੀ ਸੀ। ਮਗਰੋਂ ਪੰਜਾਬ 'ਚ ਦੋ-ਤਿਹਾਈ ਬਹੁਮਤ ਨਾਲ ਸਰਕਾਰ ਗਠਤ ਕੀਤੀ ਗਈ। ਸਾਲ ਭਰ ਨਸ਼ਾ ਖ਼ਤਮ ਕਰਨ ਵਲ ਪ੍ਰਭਾਵੀ ਕਦਮ ਚੁਕੇ ਗਏ। ਨਸ਼ਿਆਂ ਬਾਰੇ ਵਿਸ਼ੇਸ਼ ਜਾਂਚ ਟੀਮ ਤੇ ਸਪੈਸ਼ਲ ਟਾਸਕ ਫ਼ੋਰਸ ਦੀ ਰੀਪੋਰਟ 'ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁਧ ਮੁੱਖ ਮੰਤਰੀ ਵਲੋਂ ਕੋਈ ਐਕਸ਼ਨ ਨਾ ਲੈਣ 'ਤੇ ਹੁਣ ਵਿਰੋਧੀ ਧਿਰ 'ਆਪ' ਤੇ ਹੋਰ ਪਾਸਿਉਂ ਉਸੇ ਮੁੱਖ ਮੰਤਰੀ 'ਤੇ ਉਂਗਲਾਂ ਉਠ ਰਹੀਆਂ ਹਨ ਜਿਸ ਨੇ ਡੇਢ ਸਾਲ ਪਹਿਲਾਂ ਤਲਵੰਡੀ ਸਾਬੋ 'ਚ ਗੁਟਕੇ 'ਤੇ ਹੱਥ ਰੱਖ ਕੇ ਕਸਮ ਖਾਧੀ ਸੀ ਕਿ ਚਾਰ ਹਫ਼ਤਿਆਂ 'ਚ ਪੰਜਾਬ 'ਚੋਂ ਨਸ਼ਾ ਖ਼ਤਮ ਕਰ ਕੇ ਦੋਸ਼ੀਆਂ ਵਿਰੁਧ ਐਕਸ਼ਨ ਲਵਾਂਗੇ।ਅੱਜ ਇਸੇ ਸਬੰਧ 'ਚ ਅਪਣੀ ਰਿਹਾਇਸ਼ 'ਤੇ ਪ੍ਰੈੱਸ ਕਾਨਫ਼ਰੰਸ ਕਰ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਦੀ ਪਾਰਟੀ 'ਆਪ' ਦੇ ਲੀਡਰ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਗੁਰਦੁਆਰਾ ਪਹੁੰਚ ਕੇ ਕਸਮ ਖਾ ਕੇ ਪ੍ਰਣ ਲਵਾਂਗੇ ਕਿ ਇਸ ਦੋਗਲੀ ਨੀਤੀ ਵਿਰੁਧ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਨੂੰ ਘੇਰਨ ਦੀ ਵਿਉਂਤ ਬਣਾਈ ਜਾਵੇਗੀ।
ਸ. ਖਹਿਰਾ ਨੇ ਤਿੰਨ ਸਫ਼ਿਆਂ ਦੀ ਸਖ਼ਤ ਸ਼ਬਦਾਂ 'ਚ ਲਿਖੀ ਚਿੱਠੀ ਵੀ ਪ੍ਰੈੱਸ ਨੂੰ ਜਾਰੀ ਕੀਤੀ ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਏ ਹਨ ਕਿ ਉਹ ਬਾਦਲ ਪਰਵਾਰ ਨਾਲ ਰਲ ਗਏ ਹਨ। ਬਿਕਰਮ ਮਜੀਠੀਆ ਨੂੰ ਬਚਾ ਰਹੇ ਹਨ ਅਤੇ ਅਨੁਸ਼ਾਸਨ ਦਾ ਬਹਾਨਾ ਬਣਾ ਕੇ ਦਾਗ਼ੀ ਪੁਲਿਸ ਅਧਿਕਾਰੀਆਂ, ਡੀ.ਜੀ.ਪੀ. ਸੁਰੇਸ਼ ਅਰੋੜਾ, ਦਿਨਕਰ ਗੁਪਤਾ ਤੇ ਹੋਰਨਾਂ ਨੂੰ ਗ਼ਲਤ ਤਾੜਨਾ ਕਰ ਰਹੇ ਹਨ।ਸ. ਖਹਿਰਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੇ ਅਪਣਾ ਅਕਸ ਸਾਫ਼, ਸਪਸ਼ਟ ਤੇ ਸੁਥਰਾ ਕਾਇਮ ਰਖਣਾ ਹੈ ਤਾਂ ਇਸ ਮਾਮਲੇ ਦੀ ਤਹਿ ਤਕ ਪੜਤਾਲ ਕਰਨ ਲਈ ਹਾਈ ਕੋਰਟ ਦੀ ਦੇਖ-ਰੇਖ 'ਚ ਸੀ.ਬੀ.ਆਈ. ਦੀ ਜਾਂਚ ਲਈ ਸਹਿਮਤੀ ਦੇਣ। ਉਨ੍ਹਾਂ ਸਾਫ਼ ਕਿਹਾ ਕਿ ਐਸ.ਟੀ.ਐਫ. ਦੇ ਮੁਖੀ ਏ.ਡੀ.ਜੀ.ਪੀ. ਹਰਪ੍ਰੀਤ ਸਿੱਧੂ ਵਲੋਂ ਦਿਤੀ ਰੀਪੋਰਟ 'ਚ ਬਿਕਰਮ ਮਜੀਠੀਆ ਦੇ ਸਬੰਧ ਨਸ਼ਾ ਤਸਕਰ ਸੱਤਾ, ਪਿੰਦੀ, ਜਗਜੀਤ ਚਾਹਲ, ਬਿੱਟੂ ਔਲਖ ਤੇ ਹੋਰਨਾਂ ਨਾਲ ਹੋਣ ਦਾ ਜ਼ਿਕਰ ਹੈ। ਹੁਣ ਡੀ.ਜੀ.ਪੀ. ਚਟੋਉਪਾਧਿਆ ਨੇ ਹਾਈ ਕੋਰਟ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰੀਪੋਰਟ ਸੌਂਪੀ ਹੈ ਜਿਸ 'ਚ ਡੀ.ਜੀ.ਪੀ. ਸੁਰੇਸ਼ ਅਰੋੜਾ, ਦਿਨਕਰ ਗੁਪਤਾ ਅਤੇ ਮੋਗਾ ਪੁਲਿਸ ਮੁਖੀ ਰਾਜਜੀਤ ਸਿੰਘ ਦੀ ਨਸ਼ਾ ਤਸਕਰੀ 'ਚ ਮਿਲੀਭੁਗਤ ਦਾ ਜ਼ਿਕਰ ਕੀਤਾ ਹੈ।