ਪਟਿਆਲਾ ਦੀ ਸਬਜ਼ੀ ਮੰਡੀ 'ਚ ਪੁਲਿਸ ਟੀਮ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਔਰਤ ਸਣੇ 11 ਨਿਹੰਗ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਐਮ ਵੱਲੋਂ ਹਮਲੇ ਦੀ ਨਿਖੇਧੀ, ਡੀਜੀਪੀ ਨੂੰ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਤੇ ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨਾਲ ਕਰੜੇ ਹੱਥੀਂ ਨਜਿੱਠਣ ਲਈ ਕਿਹਾ

Photo

ਚੰਡੀਗੜ੍ਹ/ਪਟਿਆਲਾ: ਪਟਿਆਲਾ ਦੀ ਸਬਜ਼ੀ ਮੰਡੀ ਵਿਚ ਅੱਜ ਸਵੇਰੇ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿਚ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਵਿਚ ਨਿਹੰਗਾਂ ਦੇ ਇਕ ਧੜੇ ਨੇ ਪੁਲੀਸ ਪਾਰਟੀ 'ਤੇ ਹਮਲਾ ਕਰਕੇ ਇਕ ਏ.ਐਸ.ਆਈ. ਦਾ ਹੱਥ ਵੱਢ ਦਿੱਤਾ ਸੀ। ਆਈ.ਜੀ. ਪਟਿਆਲਾ ਜਤਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਪਟਿਆਲਾ ਪੁਲਿਸ ਪਾਰਟੀ 'ਤੇ ਨਿਹੰਗ ਡੇਰਾ ਕੰਪਲੈਕਸ ਜਿਸ ਵਿਚ ਗੁਰਦੁਆਰਾ ਖਿਚੜੀ ਸਾਹਿਬ ਵੀ ਹੈ, ਦੇ ਅੰਦਰੋਂ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਕਾਰਵਾਈ ਕਰਕੇ ਇਕ ਔਰਤ ਸਣੇ 11 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।

ਇਸ ਤੋਂ ਪਹਿਲਾਂ ਪਟਿਆਲਾ ਦੇ ਐਸ.ਐਸ.ਪੀ. ਦੀ ਅਗਵਾਈ ਵਿਚ ਡੇਰਾ ਮੁਖੀ ਬਾਬਾ ਬਲਵਿੰਦਰ ਸਿੰਘ ਨੂੰ ਵਾਰ-ਵਾਰ ਅਪੀਲਾਂ ਅਤੇ ਗੱਲਬਾਤ ਕਰਕੇ ਆਪਣੇ ਹਥਿਆਰਾਂ ਨਾਲ ਆਤਮ ਸਮਰਪਣ ਕਰਨ ਲਈ ਆਖਿਆ ਪਰ ਨਿਹੰਗਾਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਪੁਲਿਸ ਨੇ ਅਗਲੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਵਿਚ ਇਕ ਨਿਹੰਗ ਨਿਰਭਵ ਸਿੰਘ ਜ਼ਖਮੀ ਹੋਈ ਜਿਸ ਨੂੰ ਤੁਰੰਤ ਪਟਿਆਲਾ ਹਸਪਤਾਲ ਭੇਜ ਦਿੱਤਾ ਗਿਆ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਅੱਜ ਸਵੇਰੇ ਸਨੌਰ ਰੋਡ ਦੀ ਸਬਜ਼ੀ ਮੰਡੀ ਵਿਖੇ ਤਾਇਨਾਤ ਪੁਲਿਸ ਟੀਮ 'ਤੇ ਘਾਤਕ ਹਮਲਾ ਕਰਨ ਵਾਲਿਆਂ ਪੰਜ ਵਿਅਕਤੀ ਸ਼ਾਮਲ ਸਨ। ਉਹਨਾਂ ਦੱਸਿਆ ਕਿ ਇਹਨਾਂ ਨੇ ਮੰਡੀ 'ਚ ਆਉਣ ਮੌਕੇ ਕਈ ਬੈਰੀਕੇਡ ਤੋੜ ਕੇ ਪੁਲੀਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਨਿਹੰਗਾਂ ਪਾਸੋਂ ਕਰਫਿਊ ਪਾਸ ਬਾਰੇ ਪੁੱਛਿਆ ਸੀ। ਉਹਨਾਂ ਦੱਸਿਆ ਕਿ ਪਟਿਆਲਾ ਦੀ ਸਬਜ਼ੀ ਮੰਡੀ ਵਿਚ ਪੁਲਿਸ ਪਾਰਟੀ 'ਤੇ ਹਮਲੇ ਨੂੰ ਅੰਜ਼ਾਮ ਦੇਣ ਵਾਲਿਆਂ ਵਿਚ ਨਿਹੰਗ ਮੁਖੀ ਬਾਬਾ ਬਲਵਿੰਦਰ ਸਿੰਘ ਮੁੱਖ ਤੌਰ 'ਤੇ ਸ਼ਾਮਲ ਸੀ। ਉਹ ਟਾਟਾ ਜ਼ੈਨਨ ਵਹੀਕਲ ਵਿਚ ਹੋਰ ਚਾਰ ਵਿਅਕਤੀਆਂ ਨਾਲ ਮੰਡੀ ਵਿਚ ਆਇਆ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਸੂਬੇ ਵਿਚ ਕੋਵਿਡ-19 ਦੀ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ 23 ਮਾਰਚ ਤੋਂ ਲੱਗੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ  ਕਿਹਾ ਕਿ ਮਹਾਮਾਰੀ ਦੇ ਬਾਵਜੂਦ ਪੰਜਾਬ ਪੁਲਿਸ ਦੇ ਜਵਾਨ ਲੋਕਾਂ ਦੀ ਜਾਨ ਬਚਾਉਣ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਜ਼ੋਖਮ ਵਿਚ ਪਾ ਰਹੇ ਹਨ ਅਤੇ  ਇਹਨਾਂ 'ਤੇ ਕੋਈ ਵੀ ਹਮਲਾ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਡੀ.ਜੀ.ਪੀ. ਨੂੰ ਇਸ ਔਖੇ ਸਮੇਂ ਵਿਚ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਦੋ ਪੈਟਰੋਲ ਬੰਬਾਂ ਤੇ ਐਲ.ਪੀ.ਜੀ. ਸਿਲੰਡਰਾਂ ਦੇ ਨਾਲ ਵੱਡੀ ਮਾਤਰਾ ਵਿਚ ਹਥਿਆਰ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਹਨ ਜਿਨ•ਾਂ ਵਿਚ ਬਰਛੇ, ਕਿਰਪਾਨਾਂ ਜਿਹੇ ਦੇਸੀ ਹਥਿਆਰ ਤੇ ਕੁੱਝ ਵਰਤੇ ਹੋਏ ਕਾਰਤੂਸ ਸ਼ਾਮਲ ਸਨ। ਇਸ ਤੋਂ ਇਲਾਵਾ ਸੁਲਫਾ ਰਲੇ ਪੰਜ ਭੁੱਕੀ ਦੇ ਬੈਗ, ਹੋਰ ਵਪਾਰਕ ਮਾਤਰਾ ਵਾਲੇ ਨਸ਼ੇ ਅਤੇ 39 ਲੱਖ ਰੁਪਏ ਦੀ ਨਗਦੀ ਵੀ ਮਿਲੀ ਹੈ। ਰਸਾਇਣਕ ਪਦਾਰਥਾਂ ਵਾਲੀਆਂ ਬੋਤਲਾਂ ਵੀ ਮਿਲੀਆਂ ਹਨ।

ਡੀ.ਜੀ.ਪੀ. ਨੇ ਦੱਸਿਆ ਕਿ ਏ.ਐਸ.ਆਈ. ਹਰਜੀਤ ਸਿੰਘ (2155) ਜਿਸ ਦਾ ਸਬਜ਼ੀ ਮੰਡੀ ਵਿਖੇ ਹਮਲੇ ਦੌਰਾਨ ਹੱਥ ਵੱਢਿਆ ਗਿਆ ਸੀ, ਦਾ ਹੱਥ ਵਾਪਸ ਜੋੜਨ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਪਲਾਸਟਿਕ ਸਰਜਰੀ ਚੱਲ ਰਹੀ ਹੈ ਜਿੱਥੇ ਉਸ ਨੂੰ ਘਟਨਾ ਤੋਂ ਬਾਅਦ ਤੁਰੰਤ ਲਿਜਾਇਆ ਗਿਆ ਸੀ। ਇਸ ਘਟਨਾ ਵਿਚ ਜਿੱਥੇ ਹਰਜੀਤ ਸਿੰਘ ਦਾ ਖੱਬਾ ਹੱਥ ਵੱਢਿਆ ਗਿਆ ਉਥੇ ਤਿੰਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸਪੈਕਟਰ ਬਿੱਕਰ ਸਿੰਘ (10 ਪੀ.ਆਰ.), ਏ.ਐਸ.ਆਈ. ਹਰਜੀਤ ਸਿੰਘ ਦੀ ਖੱਬੀ ਬਾਂਹ, ਲੱਤ ਅਤੇ ਪਿੱਠ ਤਿੱਖੇ ਹਥਿਆਰ ਦੇ ਹਮਲੇ ਨਾਲ ਜ਼ਖ਼ਮੀ ਹੋ ਗਈ।

ਤਿੱਖੇ ਹਥਿਆਰ ਦੇ ਹਮਲੇ ਨਾਲ ਏ.ਐਸ.ਆਈ. ਰਾਜ ਸਿੰਘ (1415) ਦੀ ਖੱਬੀ ਲੱਤ ਅਤੇ ਏ.ਐਸ.ਆਈ. ਰਘਬੀਰ ਸਿੰਘ (1445) ਦੇ ਸਰੀਰ ਉਪਰ ਡੂੰਘੀਆਂ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਮੰਡੀ ਬੋਰਡ ਕਰਮਚਾਰੀ ਏ.ਆਰ. ਯਾਦਵਿੰਦਰ ਸਿੰਘ ਨੂੰ ਵੀ ਹਮਲੇ ਵਿਚ ਮਾਮੂਲੀ ਸੱਟਾਂ ਲੱਗੀਆਂ। ਸਾਰੀ ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਡੇਰਾ ਕੰਪਲੈਕਸ ਦੇ ਅੰਦਰ ਮੋਰਚਾ ਬਣਾਇਆ ਹੋਇਆ ਸੀ ਅਤੇ ਡੇਰੇ ਦੀ ਘੇਰੇ ਕੋਲ ਐਲ.ਪੀ.ਜੀ. ਸਿਲੰਡਰ ਰੱਖੇ ਹੋਏ ਸਨ ਅਤੇ ਮੁਲਜ਼ਮ ਉਹਨਾਂ ਨੂੰ ਘੇਰਾਬੰਦੀ ਕਰਨ ਵਾਲੀ ਪੁਲਿਸ ਪਾਰਟੀ ਨੂੰ ਨੁਕਸਾਨ ਪਹੁੰਚਾਣ ਲਈ ਇਹਨਾਂ ਸਿਲੰਡਰ ਨੂੰ ਅੱਗ ਲਾ ਕੇ ਧਮਕਾ ਕਰਨ ਨੂੰ ਤਿਆਰ ਬੈਠੇ ਸਨ।

ਪੁਲਿਸ ਵੱਲੋਂ ਲਾਊਡ ਸਪੀਕਰ ਰਾਹੀਂ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਸੀ। ਉਹਨਾਂ ਨੇ ਨਾ ਕੇਵਲ ਆਤਮ-ਸਮਰਪਣ ਤੋਂ ਇਨਕਾਰ ਕਰ ਦਿੱਤਾ ਬਲਕਿ ਪੁਲਿਸ ਨੂੰ ਗਾਲਾਂ ਕੱਢਦੇ ਹੋਏ ਧਮਕੀਆਂ ਦੇਣ ਲੱਗੇ ਕਿ ਜੇ ਉਹ ਉਹਨਾਂ ਦੇ ਨੇੜੇ ਆਉਣਗੇ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਡੀ.ਜੀ.ਪੀ. ਅਨੁਸਾਰ ਪੁਲਿਸ ਨੇ ਫੇਰ ਸਰਪੰਚ ਅਤੇ ਕੁਝ ਪਿੰਡ ਵਾਸੀਆਂ ਨੂੰ ਅੰਦਰ ਜਾਣ ਲਈ ਕਿਹਾ ਅਤੇ ਉਹਨਾਂ ਲੋਕਾਂ ਨੂੰ ਬਾਹਰ ਆਉਣ ਲਈ ਮਨਾਇਆ ਪਰ ਉਹ ਵੀ ਅਸਫਲ ਰਹੇ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਗੁਰਦੁਆਰਾ ਅੰਦਰੋਂ ਉਚੀ ਉਚੀ ਆਵਾਜ਼ਾਂ ਸੁਣੀਆਂ ਜਿਸ ਤੋਂ ਉਹਨਾਂ ਨੂੰ ਲੱਗਿਆ ਕਿ ਜਿਵੇਂ ਅੰਦਰੋਂ ਕੁਝ ਬੇਕਸੂਰ ਲੱਕਾਂ ਨੂੰ ਬੰਧਕ ਬਣਾਇਆ ਹੋਇਆ ਹੈ ਜੋ ਇਸ ਵੇਲੇ ਮੁਸੀਬਤ ਵਿਚ ਹਨ।

ਆਈ.ਜੀ. ਪਟਿਆਲਾ ਤੇ ਐਸ.ਐਸ.ਪੀ. ਪਟਿਆਲਾ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਟੀਮ ਏ.ਡੀ.ਜੀ.ਪੀ. ਰਾਕੇਸ਼ ਚੰਦਰਾ ਦੀ ਅਗਵਾਈ ਵਾਲੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੇ ਨਾਲ ਨਿਹੰਗ ਅਪਰਾਧੀਆਂ ਨੂੰ ਬਾਹਰ ਕੱਢਣ ਲਈ ਫੇਰ ਇਮਾਰਤ ਅੰਦਰ ਦਾਖਲ ਹੋਈ। ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੇ ਫੜੇ ਜਾਣ ਤੋਂ ਪਹਿਲਾਂ ਪੁਲਿਸ ਕਰਮੀਆਂ ਉਤੇ ਕੁਝ ਗੋਲੀਆਂ ਵੀ ਚਲਾਈਆਂ। ਉਹਨਾਂ ਦੱਸਿਆ ਕਿ ਸਾਰੀ ਕਾਰਵਾਈ ਇਸ ਤਰ੍ਹਾਂ ਨਾਜ਼ੁਕ ਤੇ ਸਾਵਧਾਨੀ ਨਾਲ ਕੀਤੀ ਗਈ ਕਿ ਗੁਰਦਆਰਾ ਸਾਹਿਬ ਦੀਆਂ ਮਰਿਆਦਾ ਅਤੇ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾਵੇ।

ਮੁਲਜ਼ਮਾਂ ਖਿਲਾਫ ਖਿਲਾਫ ਦੋ ਵੱਖਰੇ ਕੇਸ ਦਰਜ ਕੀਤੇ ਗਏ ਹਨ। ਪਹਿਲਾ ਕੇਸ ਸਬਜ਼ੀ ਮੰਡੀ, ਸਨੌਰ ਰੋਡ ਪਟਿਆਲਾ ਵਿਖੇ ਹੋਈ ਘਟਨਾ ਲਈ ਥਾਣਾ ਸਦਰ ਪਟਿਆਲਾ ਵਿਖੇ ਆਈ.ਪੀ.ਸੀ. ਅਧੀਨ ਇਰਾਦਾ ਕਤਲ, ਗੰਭੀਰ ਜ਼ਖ਼ਮੀ, ਦੰਗੇ, ਸਰਕਾਰੀ ਅਧਿਕਾਰੀ/ਕਰਮਚਾਰੀ ਉਤੇ ਹਮਲਾ ਕਰਨ ਅਤੇ ਆਫ਼ਤਨ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਬਲਵਿੰਦਰ ਸਿੰਘ, ਜਗਮੀਤ ਸਿੰਘ, ਬੰਤ ਸਿੰਘ ਅਤੇ ਨਿਰਭਵ ਸਿੰਘ ਖਿਲਾਫ  ਥਾਣਾ ਸਦਰ ਪਟਿਆਲਾ ਵਿਖੇ ਐਫ.ਆਈ.ਆਰ. ਨੰਬਰ 70 ਮਿਤੀ 12.04.2020 ਨੂੰ ਆਈ.ਪੀ.ਸੀ. ਦੀ ਧਾਰਾ 307, 323, 324, 326, 353, 186, 332, 335, 148 ਸਮੇਤ ਆਫ਼ਤਨ ਪ੍ਰਬੰਧਨ ਐਕਟ 2005 ਦੀ 188 ਅਤੇ 51 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਦੂਜਾ ਕੇਸ ਇਕ ਮਹਿਲਾ ਸਮੇਤ 11 ਵਿਅਕਤੀਆਂ ਖਿਲਾਫ ਥਾਣਾ ਪਾਸੀਆਣਾ, ਪਟਿਆਲਾ ਵਿਖੇ (ਐਫ.ਆਈ.ਆਰ. ਨੰਬਰ 45 ਮਿਤੀ 12/04/2020) ਇਰਾਦਾ ਕਤਲ, ਪੁਲਿਸ ਪਾਰਟੀ ਉਤੇ ਹਮਲਾ, ਡੀ.ਐਮ.ਏ. ਐਕਟ 2005 ਦੀ ਧਾਰਾ 54, ਵਿਸਫੋਟਕ ਐਕਟ ਦੀ ਧਾਰਾ 3,4, ਯੂ.ਏ.ਪੀ.ਏ ਐਕਟ 1967 ਦੀ ਧਾਰਾ 13,16,18,20, ਆਰਮਜ਼ ਐਕਟ ਦੀਆਂ ਧਾਰਾਵਾਂ 25,54,59 ਅਧੀਨ ਦਰਜ ਕੀਤਾ ਗਿਆ ਹੈ। ਖਿੱਚੜੀ ਸਾਹਿਬ ਕੰਪਲੈਕਸ, ਬਲਬੇੜਾ ਜਿਥੇ ਨਿਹੰਗ ਰਹਿ ਰਹੇ ਸਨ, ਤੋਂ ਭੁੱਕੀ ਦੀਆਂ 5-6 ਬੋਰੀਆਂ ਦੀ ਬਰਾਮਦਗੀ ਹੋਣ 'ਤੇ ਐਨ.ਡੀ.ਪੀ.ਐਸ. ਐਕਟ ਅਧੀਨ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਦੀ ਜਾਇਦਾਦ ਨਸ਼ਿਆਂ ਦੀ ਵਪਾਰਕ ਮਾਤਰਾ ਦੀ ਰਿਕਵਰੀ ਦੇ ਕਾਰਨ ਜ਼ਬਤ ਕੀਤੀ ਜਾਵੇਗੀ।

ਮੁਲਜ਼ਮਾਂ ਦੀ ਮੁਕੰਮਲ ਸੂਚੀ ਇਸ ਪ੍ਰਕਾਰ ਹੈ:-

1) ਬੰਤ ਸਿੰਘ ਉਰਫ ਕਾਲਾ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਅਲੋਵਾਲ ਥਾਣਾ ਸਿਵਲ ਲਾਈਨ ਪਟਿਆਲਾ ਉਮਰ - ਲਗਭਗ 50 ਸਾਲ

2) ਜਗਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਅਮਰਗੜ• ਥਾਣਾ ਅਮਰਗੜ ਜ਼ਿਲ੍ਹਾ ਸੰਗਰੂਰ ਉਮਰ 22 ਸਾਲ

3) ਬਲਵਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਕਰਹਾਲੀ ਥਾਣਾ ਪਾਸਿਆਣਾ ਉਮਰ 50 ਸਾਲ (ਨਿਹੰਗ ਮੁਖੀ)

4) ਗੁਰਦੀਪ ਸਿੰਘ ਪੁੱਤਰ ਰੌਸ਼ਨ ਲਾਲ ਵਾਸੀ ਜੈਨ ਮੁਹੱਲਾ ਸਮਾਣਾ ਥਾਣਾ ਸਿਟੀ ਸਮਾਣਾ ਉਮਰ 24 ਸਾਲ

5) ਨੰਨਾ

6) ਜੰਗੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਪ੍ਰਤਾਪਗੜ ਥਾਣਾ ਸਦਰ ਪਟਿਆਲਾ ਉਮਰ 75 ਸਾਲ

7) ਮਨਿੰਦਰ ਸਿੰਘ ਪੁਤਰ ਜਗਤਾਰ ਸਿੰਘ ਵਾਸੀ ਮਹਿਮੂਦਪੁਰ ਥਾਣਾ ਅਮਲੋਹ ਉਮਰ 29 ਸਾਲ

8) ਜਸਵੰਤ ਸਿੰਘ ਪੁੱਤਰ ਭਿੰਡਰ ਸਿੰਘ ਵਾਸੀ ਚਮਾਰੂ ਥਾਣਾ ਘਨੌਰ ਉਮਰ 55 ਸਾਲ

9) ਦਰਸਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਧੀਰੂ ਮਾਜਰੀ ਪਟਿਆਲਾ ਥਾਣਾ ਸਿਵਲ ਲਾਈਨ

10) ਨਿਰਭਵ ਸਿੰਘ

11) ਸੁਖਪ੍ਰੀਤ ਕੌਰ ਪੁੱਤਰੀ ਜਗਮੀਤ ਸਿੰਘ ਵਾਸੀ ਖਿੱਚੜੀ ਸਾਹਿਬ ਬਲਬੇੜਾ  ਉਮਰ 25 ਸਾਲ