ਏ.ਐਸ.ਆਈ. ਦੇ ਹੱਥ ਦੀ ਪੀ.ਜੀ.ਆਈ. 'ਚ ਸਫ਼ਲ ਸਰਜਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਐਸ.ਪੀ. ਵਲੋਂ ਪੀ.ਜੀ.ਆਈ. ਦੇ ਡਾਕਟਰਾਂ ਦਾ ਧਨਵਾਦ

ਏ.ਐਸ.ਆਈ. ਦੇ ਹੱਥ ਦੀ ਪੀ.ਜੀ.ਆਈ. 'ਚ ਸਫ਼ਲ ਸਰਜਰੀ

ਚੰਡੀਗੜ੍ਹ, 12 ਅਪ੍ਰੈਲ (ਤਰੁਣ ਭਜਨੀ): ਪਟਿਆਲਾ ਵਿਚ ਕਰਫ਼ੀਊ ਦੌਰਾਨ ਨਿਹੰਗ ਸਿੰਘਾਂ ਵਲੋਂ ਏ.ਐਸ.ਆਈ. 'ਤੇ ਹਮਲਾ ਕਰ ਕੇ ਉਸ ਦੇ ਵੱਡੇ ਗਏ ਖੱਬੇ ਹੱਥ ਦੀ ਐਤਵਾਰ ਪੀ.ਜੀ.ਆਈ. ਵਿਚ ਸਰਜਰੀ ਕੀਤੀ ਗਈ। ਪੀ.ਜੀ.ਆਈ. ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਜ਼ਖ਼ਮੀ ਪੁਲਿਸ ਮੁਲਾਜ਼ਮ ਦੀ ਸਰਜਰੀ ਸਵੇਰੇ 10 ਵਜੇ ਸ਼ੁਰੂ ਕੀਤੀ ਗਈ।

ਜ਼ੇਰੇ ਇਲਾਜ ਏ.ਐਸ.ਆਈ. ਹਰਜੀਤ ਸਿੰਘ ਅਤੇ ਹੱਥ ਦਾ ਆਪਰੇਸ਼ਨ ਕਰਦੇ ਪੀ.ਜੀ.ਆਈÊ ਦੇ ਡਾਕਟਰ।

ਕਰੀਬ ਸਾਢੇ ਸੱਤ ਘੰਟੇ ਚੱਲੇ ਲੰਮੇ ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੇ ਹੱਥ ਨੂੰ ਮੁੜ ਜੋੜ ਦਿਤਾ ਗਿਆ ਹੈ। ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੀ.ਜੀ.ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਨੂੰ ਫ਼ੋਨ ਕਰ ਕੇ ਪੁਲਿਸ ਮੁਲਾਜ਼ਮ ਦਾ ਛੇਤੀ ਇਲਾਜ ਕਰਨ ਲਈ ਕਿਹਾ ਸੀ, ਜਿਸ ਦੇ ਤੁਰਤ ਬਾਅਦ ਪੀ.ਜੀ.ਆਈ. ਨੇ ਡਾਕਟਰਾਂ ਦੀ ਟੀਮ ਗਠਤ ਕੀਤੀ। ਟੀਮ ਵਿਚ ਪਲਾਸਟਿਕ ਸਰਜਰੀ ਵਿਭਾਗ ਦੇ ਪ੍ਰੋ. ਰਮੇਸ਼ ਸ਼ਰਮਾ ਤੋਂ ਇਲਾਵਾ ਹੋਰ ਡਾਕਟਰਾਂ ਨੇ ਮਿਲ ਕੇ ਟਰਾਊਮਾ ਸੈਂਟਰ ਵਿਚ ਹੱਥ ਦੀ ਸਫ਼ਲ ਸਰਜਰੀ ਕੀਤੀ।

ਜ਼ੇਰੇ ਇਲਾਜ ਏ.ਐਸ.ਆਈ. ਹਰਜੀਤ ਸਿੰਘ ਅਤੇ ਹੱਥ ਦਾ ਆਪਰੇਸ਼ਨ ਕਰਦੇ ਪੀ.ਜੀ.ਆਈÊ ਦੇ ਡਾਕਟਰ।

ਡਾਕਟਰਾਂ ਨੇ ਦਸਿਆ ਕਿ ਹੱਥ ਦੀਆਂ ਸਾਰੀਆਂ ਨਾੜੀਆਂ ਨੂੰ ਬਾਂਹ ਨਾਲ ਮੁੜ ਜੋੜਿਆ ਗਿਆ ਹੈ। ਇਹ ਕਾਫ਼ੀ ਔਖਾ ਆਪ੍ਰੇਸ਼ਨ ਹੁੰਦਾ ਹੈ, ਜਿਸ ਨੂੰ ਪੀਜੀਆਈ ਦੇ ਡਾਕਟਰਾਂ ਨੇ ਸਫ਼ਲਤਾਪੂਰਵਕ ਅੰਜਾਮ ਦਿਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪੀ.ਜੀ.ਆਈ. ਦੇ ਡਾਕਟਰਾਂ ਦਾ ਵਿਸ਼ੇਸ਼ ਧਨਵਾਦ ਕੀਤਾ ਹੈ। ਸਿੱਧੂ ਨੇ ਦਸਿਆ ਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਏ.ਐਸ.ਆਈ. ਹਰਜੀਤ ਸਿੰਘ ਦਾ ਕਟਿਆ ਹੱਥ ਜੋੜਨ ਲਈ ਸਵੇਰੇ 10 ਤੋਂ ਸ਼ਾਮ ਸਾਢੇ 5 ਵਜੇ ਤਕ ਲਗਾਤਾਰ ਸਾਢੇ 7 ਘੰਟੇ ਉਪਰੇਸ਼ਨ ਕੀਤਾ ਅਤੇ ਇਹ ਉਪਰੇਸ਼ਨ ਕਾਮਯਾਬ ਰਿਹਾ ਹੈ। ਸਿੱਧੂ ਨੇ ਦਸਿਆ ਕਿ ਪੁਲਿਸ ਦਾ ਇਹ ਜਾਂਬਾਜ਼ ਅਧਿਕਾਰੀ ਹੌਸਲੇ ਵਿਚ ਹੈ ਅਤੇ ਇਸ ਦੀ ਅਸਲ ਸਥਿਤੀ ਦਾ 5 ਦਿਨਾਂ ਬਾਅਦ ਪਤਾ ਲੱਗ ਸਕੇਗਾ।