ਮੁੱਖ ਮੰਤਰੀ ਵਲੋਂ ਕੋਰੋਨਾ ਸੰਕਟ ਦੇ ਮੱਦੇਨਜ਼ਰ ਵਿਸਾਖੀ ਮੌਕੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰਾਂ 'ਚ ਹੀ ਸਵੇਰੇ 11 ਵਜੇ ਮਹਾਮਾਰੀ ਦੇ ਖ਼ਾਤਮੇ ਲਈ ਅਰਦਾਸ ਕਰਨ ਲਈ ਆਖਿਆ

ਮੁੱਖ ਮੰਤਰੀ ਵਲੋਂ ਕੋਰੋਨਾ ਸੰਕਟ ਦੇ ਮੱਦੇਨਜ਼ਰ ਵਿਸਾਖੀ ਮੌਕੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ

ਚੰਡੀਗੜ੍ਹ, 12 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਾਸੀਆਂ ਨੂੰ ਅਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਭਲਕੇ 13 ਅਪਰੈਲ ਨੂੰ ਸਵੇਰੇ 11 ਵਜੇ ਆਪੋ-ਅਪਣੇ ਘਰਾਂ ਤੋਂ ਜਾਨਲੇਵਾ ਦੁਸ਼ਮਣ ਕੋਵਿਡ-19 'ਤੇ ਸੂਬੇ ਦੀ ਜਿੱਤ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

Captain Amarinder singh


ਵਿਸਾਖੀ ਦੇ ਤਿਉਹਾਰ ਦੀ ਪੂਰਵ ਸੰਧਿਆ 'ਤੇ ਪੰਜਾਬ ਦੇ ਲੋਕਾਂ ਦੇ ਨਾਂ ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਦੀ ਵਿਸਾਖੀ ਪਹਿਲਾਂ ਨਾਲੋਂ ਵੱਖਰੀ ਹੈ ਜਿਸ ਕਰਕੇ ਲੋਕ ਵਿਸ਼ਾਲ ਇਕੱਠਾਂ ਦੇ ਰੂਪ ਵਿੱਚ ਰਵਾਇਤੀ ਜੋਸ਼ੋ-ਖਰੋਸ਼ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਬਾਹਰ ਨਹੀਂ ਨਿਕਲ ਸਕਦੇ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਰਿਆਂ ਦਾ ਆਪਣੇ ਘਰਾਂ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਨੂੰ ਸੂਬੇ ਤੋਂ ਕੋਵਿਡ-19 ਦੇ ਮੁਕੰਮਲ ਖਾਤਮੇ ਲਈ ਅਰਦਾਸ ਕਰਕੇ ਮਨਾਇਆ ਜਾਵੇ।


ਮੁੱਖ ਮੰਤਰੀ ਨੇ ਅਪੀਲ ਕਰਦਿਆਂ ਕਿਹਾ, ''ਆਓ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਅਤੇ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਾਡੇ ਲੋਕ ਸੁਰੱਖਿਅਤ ਤੇ ਸਦਾ ਖੁਸ਼ ਰਹਿਣ।'' ਉਨ੍ਹਾਂ ਕਿਹਾ ਕਿ ਇਹ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਲੋਕਾਂ ਨੂੰ ਕੀਤੀ ਗਈ ਹੈ ਕਿ ਉਹ ਇਸ ਸਾਲ ਵਿਸਾਖੀ ਮਨਾਉਣ ਲਈ ਇਕੱਠੇ ਜਾਂ ਬਾਹਰ ਨਾ ਹੋਣ।


ਇਹ ਆਸ ਤੇ ਵਿਸ਼ਵਾਸ ਕਰਦੇ ਹੋਏ ਕਿ ਪੰਜਾਬ ਇਸ ਮਹਾਮਾਰੀ ਉਤੇ ਜਿੱਤ ਪ੍ਰਾਪਤ ਕਰੇਗਾ, ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਖਿਲਾਫ ਆਪਣਾ ਫਰਜ਼ ਨਿਭਾਉਣ ਜਿਸ ਤਰ੍ਹਾਂ ਲੱਖਾਂ ਕਰਮਚਾਰੀ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਅੱਗੇ ਹੋ ਕੇ ਡਟੇ ਹੋਏ ਹਨ।