ਕੋਰੋਨਾ ਪ੍ਰਭਾਵਤ ਮ੍ਰਿਤਕ ਦੇ ਸਸਕਾਰ ਕਰਨ ਨਾਲ ਕੋਈ ਖ਼ਤਰਾ ਨਹੀਂ : ਸਿਵਲ ਸਰਜਨ
ਰੋਨਾ ਵਾਇਰਸ ਪੀੜ੍ਹਤ ਮ੍ਰਿਤਕ ਦੇ ਸਸਕਾਰ ਸਬੰਧੀ ਤੱਥ-ਰਹਿਤ ਗ਼ਲਤ ਅਫ਼ਵਾਹਾਂ ਨੂੰ ਖ਼ਾਰਜ ਕਰਦਿਆਂ ਜਿੱਥੇ ਕੁੱਝ ਦਿਨ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ
ਬਠਿੰਡਾ (ਸੁਖਜਿੰਦਰ ਮਾਨ): ਕੋਰੋਨਾ ਵਾਇਰਸ ਪੀੜ੍ਹਤ ਮ੍ਰਿਤਕ ਦੇ ਸਸਕਾਰ ਸਬੰਧੀ ਤੱਥ-ਰਹਿਤ ਗ਼ਲਤ ਅਫ਼ਵਾਹਾਂ ਨੂੰ ਖ਼ਾਰਜ ਕਰਦਿਆਂ ਜਿੱਥੇ ਕੁੱਝ ਦਿਨ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਮ੍ਰਿਤਕ ਦੇ ਅੰਤਮ ਸਸਕਾਰ ਕਰਨ ਨਾਲ ਕਿਸੇ ਕਿਸਮ ਦਾ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ ਹੈ। ਉਥੇ ਅੱਜ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਕਰਮਚਾਰੀਆਂ ਵਲੋਂ ਦੇਹ ਦੇ ਸਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
ਇਥੋਂ ਤਕ ਕਿ ਦੇਹ ਦੀ ਰਾਖ ਨਾਲ ਵੀ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ ਤੇ ਸਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਕਰਮਚਾਰੀਆਂ ਨੂੰ ਹੱਥਾਂ ਦੀ ਸਫ਼ਾਈ, ਮਾਸਕ, ਦਸਤਾਨਿਆਂ ਤੇ ਵਿਸ਼ੇਸ਼ ਕਿੱਟ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਸਸਕਾਰ ਦੀ ਸਾਰੀ ਪ੍ਰਕਿਰਿਆ ਮਾਹਿਰਾਂ ਦੀ ਦੇਖ-ਰੇਖ ਵਿਚ ਕੀਤੀ ਜਾਂਦੀ ਹੈ। ਸਿਵਲ ਸਰਜਨ ਨੇ ਦਸਿਆ ਕਿ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਕ ਰਸਮਾਂ ਜਿਵੇਂ ਕਿ ਧਾਰਮਕ ਪਾਠ ਪੜ੍ਹਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਮ ਰਸਮ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ਼ ਦੁਆਰਾ ਸਧਾਰਣ ਸਾਵਧਾਨੀਆਂ ਵਰਤ ਕੇ) ਖੋਲ੍ਹਣ ਦੀ ਇਜਾਜ਼ਤ ਸ਼ਮਸ਼ਾਨ ਘਾਟ ਵਿਖੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣਾ, ਗਲੇ ਲਗਾਉਣ ਦੀ ਇਜ਼ਾਜਤ ਨਹੀਂ ਹੈ।