ਕੋਰੋਨਾ ਬੀਮਾਰੀ ਨੇ ਡੇਅਰੀ ਕਿਸਾਨਾਂ ਨੂੰ ਵੀ ਰੋਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਾਈਵੇਟ ਸੰਗਠਨ ਖੇਤਰ ਵਲੋਂ ਦੁੱਧ ਦੀ ਖਰੀਦ ਬੰਦ, ਦੁੱਧ ਘਰਾਂ 'ਚ ਰੁਲਣ ਲੱਗਾ

File photo

ਚੰਡੀਗੜ੍ਹ  (ਐਸ.ਐਸ. ਬਰਾੜ) : ਕੋਰੋਨਾ ਬੀਮਾਰੀ ਨੇ ਜਿਥੇ ਉਦਯੋਗਿਕ ਖੇਤਰ ਦਾ ਭਾਰੀ ਨੁਕਸਾਨ ਕੀਤਾ ਹੈ, ਉਥੇ ਇਸ ਦੀ ਮਾਰ ਤੋਂ ਡੇਅਰੀ ਕਿਸਾਨ ਵੀ ਬਚ ਨਹੀਂ ਸਕੇ। ਕਰਫ਼ਿਊ ਕਾਰਨ ਰਾਜਾਂ ਦੀਆਂ ਸਰਹੱਦਾਂ ਬੰਦ ਹੋ ਗਈਆਂ ਹਨ ਅਤੇ ਦੁੱਧ ਦੀ ਮੰਗ 'ਚ ਵੀ ਗਿਰਾਵਟ ਆ ਗਈ ਹੈ। ਦੁੱਧ ਦੀਆਂ ਕੀਮਤਾਂ ਵੀ ਤਿੰਨ ਰੁਪਏ ਕਿੱਲੋ ਤਕ ਘਟ ਗਈਆਂ ਹਨ। ਬਹੁਤੇ ਕਿਸਾਨਾਂ ਦਾ ਦੁੱਧ ਘਰਾਂ 'ਚ ਪਿਆ ਹੀ ਖ਼ਰਾਬ ਹੋ ਰਿਹਾ ਹੈ।

ਜੋ ਡੇਅਰੀ ਕਿਸਾਨ ਵੱਡੀਆਂ ਕੰਪਨੀਆਂ, ਮਿਲਕਫ਼ੈੱਡ, ਅਮੁਲ ਅਤੇ ਨੈਸਲੇ ਨਾਲ ਜੁੜੇ ਹੋਏ ਹਨ, ਉਨ੍ਹਾਂ ਦਾ ਦੁੱਧ ਤਾਂ ਚੁਕਿਆ ਜਾ ਰਿਹਾ ਹੈ ਪ੍ਰੰਤੂ ਜੋ ਕਿਸਾਨ ਦੋਧੀਆਂ ਅਤੇ ਛੋਟੇ ਪ੍ਰਾਈਵੇਟ ਪਲਾਂਟਾਂ ਨਾਲ ਜੁੜੇ ਹੋਏ ਸਨ, ਦਾ ਦੁੱਧ ਜਾਂ ਤਾਂ ਚੁਕਿਆ ਨਹੀਂ ਜਾ ਰਿਹਾ ਜਾਂ ਘਟ ਚੁਕਿਆ ਜਾ ਰਿਹਾ ਹੈ। ਡੇਅਰੀ ਵਿਕਾਸ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ 3.40 ਕਰੋੜ ਲੱਖ ਲਿਟਰ ਦੁੱਧ ਦਾ ਉਤਪਾਦਨ ਹੈ। ਇਸ ਦਾ 40 ਫ਼ੀ ਸਦੀ ਹਿੱਸਾ ਤਾਂ ਸੰਗਠਨ ਖੇਤਰ ਦੇ ਦੁੱਧ ਪਲਾਂਟਾਂ 'ਖ ਖਪਤ ਹੁੰਦਾ ਹੈ ਤੇ ਬਾਕੀ ਦੇ ਦੁੱਧ 'ਚੋਂ ਕੁੱਝ ਹਿੱਸਾ ਤਾਂ ਕਿਸਾਨ ਘਰੇਲੂ ਵਰਤੋਂ ਲਈ ਰਖਦੇ ਹਨ ਅਤੇ ਬਾਕੀ ਬਚਿਆ ਦੁੱਧ ਦੋਧੀਆਂ, ਛੋਟੇ ਦੁੱਧ ਪਲਾਂਟਾਂ ਵਲੋਂ ਚੁਕਿਆ ਜਾਂਦਾ ਹੈ। ਮਠਿਆਈ ਉਦਯੋਗ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਵੱਡਾ ਹਿੱਸਾ ਖਪਤ ਹੁੰਦੀ ਹੈ।

ਮਠਿਆਈ ਉਦਯੋਗ, ਹੋਟਲ ਅਤੇ ਰੈਸਟੋਰੈਂਟ ਕਰਫ਼ਿਊ ਕਾਰਨ ਬੰਦ ਹੋ ਗਏ ਹਨ। ਰਾਜਾਂ ਦੀਆਂ ਸਰਹੱਦਾਂ ਬੰਦ ਕਰਨ ਕਾਰਨ ਸੁੱਕੇ ਦੁੱਧ ਦੀ ਪੰਜਾਬ ਤੋਂ ਸਪਲਾਈ ਵੀ ਠੱਪ ਹੋ ਗਈ ਹੈ। ਇਸੇ ਕਾਰਨ ਦੁੱਧ ਦੀ ਮੰਗ ਕਾਫ਼ੀ ਘੱਟ ਹੋ ਗਈ ਹੈ। ਸੁੱਕੇ ਦੁੱਧ ਦੀ ਸਪਲਾਈ ਪਛਮੀ ਬੰਗਾਲ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਭਾਰੀ ਮਾਤਰਾ 'ਚ ਹੁੰਦੀ ਹੈ, ਕਰਫ਼ਿਊ ਕਾਰਨ ਉਹ ਰੁਕ ਗਈ ਹੈ। ਪਲਾਂਟਾਂ ਪਾਸ ਸੁੱਕੇ ਦੁੱਧ ਦੇ ਭੰਡਾਰ ਉਪਲਬਧ ਹਨ। ਛੋਟੇ ਦੁੱਧ ਪਲਾਂਟਾਂ ਦਾ ਸਰਮਾਇਆ ਫਸ ਗਿਆ ਹੈ, ਹੋਰ ਖਰਚਾ ਕਰਨ ਦੀ ਉਨ੍ਹਾਂ ਪਾਸ ਸਮਰਥਾ ਨਹੀਂ ਹੈ। ਨਾ ਹੀ ਉਹ ਹੋਰ ਸੁੱਕਾ ਦੁੱਧ ਬਣਾਉਣ ਦਾ ਜੋਖਮ ਮੁੱਲ ਲੈਣ ਲਈ ਤਿਆਰ ਹਨ। ਕਿਉੁਂਕਿ ਸੁੱਕੇ ਦੁੱਧ ਦੀਆਂ ਕੀਮਤਾਂ 'ਚ ਵੀ ਭਾਰੀ ਗਿਰਾਵਟ ਆਈ ਹੈ। ਜੋ ਸੁੱਕਾ ਦੁੱਧ ਪਹਿਲਾਂ 300 ਰੁਪਏ ਕਿੱਲੋ ਸੀ ਹੁਣ ਘਟ ਕੇ 200 ਰੁਪਏ ਰਹਿ ਗਿਆ ਹੈ।

ਡੇਅਰੀ ਕਿਸਾਨਾਂ ਨੂੰ ਇਕ ਹੋਰ ਮਾਰ ਇਹ ਪੈ ਰਹੀ ਹੈ ਕਿ ਪਸ਼ੂ ਫ਼ੀਡ ਦੀਆਂ ਕੀਮਤਾਂ 'ਚ 15 ਤੋਂ 20 ਫ਼ੀ ਸਦੀ ਦਾ ਵਾਧਾ ਹੋ ਗਿਆ ਹੈ। ਇਸ ਦਾ ਕਾਰਨ, ਇਕ ਤਾਂ ਕਰਫ਼ਿਊ ਕਾਰਨ ਫ਼ੀਡ ਪਲਾਂਟ ਬੰਦ ਹੋ ਗਏ ਹਨ ਕਿਉਂਕਿ ਉਨ੍ਹਾਂ ਪਾਸ ਕੱਚਾ ਮਾਲ ਉਪਲਬਧ ਨਹੀਂ । ਇਹ ਕੱਚਾ ਮਾਲ ਬਾਹਰਲੇ ਰਾਜ ਤੋਂ ਆਉਂਦਾ ਹੈ ਅਤੇ ਸਰਹੱਦਾਂ ਬੰਦ ਹੋਣ ਕਾਰਨ ਸਪਲਾਈ ਵੀ ਰੁਕ ਗਈ ਹੈ।

ਇਸ ਸਬੰਧੀ ਜਦ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ, ਸੰਗਠਨ ਖੇਤਰ ਦੇ ਮਿਲਕ ਪਲਾਂਟਾਂ ਨੇ ਕਿਸਾਨਾਂ ਤੋਂ ਦੁੱਧ ਖਰੀਦਣ ਦੀ ਸਮਰਥਾ ਵਧਾ ਦਿਤੀ ਹੈ ਪ੍ਰੰਤੂ ਕਿਉਂਕਿ ਦੁੱਧ ਉਤਪਾਦਨ ਦਾ ਵੱਡਾ ਹਿੱਸਾ ਗ਼ੈਰ ਸੰਗਠਨ ਖੇਤਰ ਵਜੋਂ ਖਰੀਦਿਆ ਜਾਂਦਾ ਸੀ

ਅਤੇ ਉਨ੍ਹਾਂ ਵਲੋਂ ਕਰਫ਼ਿਊ ਕਾਰਨ ਖਰੀਦ ਬੰਦ ਕਰਨ ਜਾਂ ਘੱਟ ਕਰਨ ਕਾਰਨ, ਇਹ ਸਮੱਸਿਆ ਆਈ ਹੈ। ਪ੍ਰੰਤੂ ਸੰਗਠਨ ਖੇਤਰ ਦੇ ਪਲਾਂਟਾਂ ਨੇ ਅਪਣੀ ਖ਼ਰੀਦ ਵਧਾ ਦਿਤੀ ਹੈ। ਮਿਲਕਫ਼ੈੱਡ ਦੇ ਪਲਾਂਟਾਂ ਵਲੋਂ ਪਹਿਲਾਂ ਰੋਜ਼ਾਨਾ 21 ਲੱਖ ਲਿਟਰ ਦੁੱਧ ਖਰੀਦਿਆ ਜਾਂਦਾ ਸੀ ਜੋ ਹੁਣ ਵਧਾ ਕੇ 27 ਲੱਖ ਲਿਟਰ ਤਕ ਪੁੱਜ ਗਿਆ ਹੈ। ਇਸੇ ਤਰ੍ਹਾਂ ਅਮੂਲ ਅਤੇ ਨੈਸਲੇ ਦੇ ਪਲਾਂਟਾਂ ਨੇ ਵੀ ਅਪਣੀ ਖਰੀਦ 'ਚ ਵਾਧਾ ਕੀਤਾ ਹੈ।
ਇਹ ਸਮੱਸਿਆ ਗ਼ੈਰ ਸੰਗਠਤ ਖੇਤਰ ਵਲੋਂ ਖਰੀਦ ਬੰਦ ਕਰਨ ਜਾਂ ਘੱਟ ਖਰੀਦ ਕਰਨ ਕਾਰਨ ਉਤਪੰਨ ਹੋਈ ਹੈ