ਕੋਰੋਨਾ: ਜ਼ਿਲ੍ਹਾ ਜੇਲ ਬਰਨਾਲਾ 'ਚੋਂ ਕੈਦੀਆਂ, ਬੰਦੀਆਂ ਦੀ ਰਿਹਾਈ
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਰਿੰਦਰ ਅੱਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਰਨਾਲਾ ਵਿਖੇ 10 ਅਪ੍ਰੈਲ
ਬਰਨਾਲਾ (ਗਰੇਵਾਲ): ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਰਿੰਦਰ ਅੱਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਰਨਾਲਾ ਵਿਖੇ 10 ਅਪ੍ਰੈਲ ਨੂੰ ਅੰਡਰ ਟਰਾਇਲ ਰੀਵਿਊ ਕਮੇਟੀ ਦੀ ਸਪਤਾਹੀ ਮੀਟਿੰਗ ਕੀਤੀ ਗਈ। 25 ਮਾਰਚ ਨੂੰ ਹੋਈ ਮੀਟਿੰਗ ਵਿਚ ਦਿਤੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀਆਂ ਦੀ ਗਿਣਤੀ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਤਹਿਤ ਦੋਸ਼ੀ ਕੈਦੀਆਂ ਨੂੰ 6 ਹਫ਼ਤੇ ਦੀ ਪੈਰੋਲ ਅਤੇ ਹਵਾਲਾਤੀ ਕੈਦੀਆਂ ਨੂੰ 6 ਹਫ਼ਤੇ ਦੀ ਅੰਤ੍ਰਿਮ ਜ਼ਮਾਨਤ 'ਤੇ ਛੱਡਿਆ ਜਾਵੇਗਾ। ਇਸ ਦਾ ਮੁਢਲਾ ਉਦੇਸ਼ ਕੋਵਿਡ-19 ਕਾਰਨ ਕੈਦੀਆਂ ਦੀ ਸਿਹਤ ਦਾ ਖਿਆਲ ਰਖਣਾ ਸੀ।
ਮੀਟਿੰਗ ਵਿਚ ਸੀ.ਜੇ.ਐਮ. ਬਰਨਾਲਾ ਨੂੰ ਨਿਰਦੇਸ਼ ਦਿਤੇ ਗਏ ਕਿ ਉਹ ਜੇਲ੍ਹ ਸੁਪਰਡੈਂਟ ਬਰਨਾਲਾ ਵਲੋਂ ਪੇਸ਼ ਕੀਤੀ ਲਿਸਟ ਅਧੀਨ ਸਾਰੇ ਕੇਸਾਂ ਦੀ ਜਾਂਚ-ਪੜਤਾਲ ਕਰ ਕੇ ਕੇਸਾਂ ਦਾ ਨਿਪਟਾਰਾ ਕਰਨ। ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਬਰਨਾਲਾ 'ਚ ਅੰਡਰ ਟਰਾਇਲ ਰੀਵਿਊ ਕਮੇਟੀ ਦੀ ਮੀਟਿੰਗ ਤਿਮਾਹੀ ਦੀ ਜਗ੍ਹਾ ਹੁਣ ਹਰ ਸ਼ੁੱਕਰਵਾਰ ਵਾਲੇ ਦਿਨ ਹੋਇਆ ਕਰੇਗੀ।
ਜਾਣਕਾਰੀ ਅਨੁਸਾਰ ਸੀ.ਜੇ.ਐਮ. ਬਰਨਾਲਾ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ 66 ਅੰਡਰ ਟਰਾਇਲ ਬੰਦੀਆਂ ਨੂੰ ਰਿਹਾਅ ਕਰ ਦਿਤਾ ਹੈ। ਇਸ ਤੋਂ ਇਲਾਵਾ ਕੁਲ 55 ਕੈਦੀਆਂ ਵਿਚੋਂ 35 ਨੂੰ ਪੈਰੋਲ 'ਤੇ ਰਿਹਾਅ ਕਰ ਦਿਤਾ ਗਿਆ ਹੈ ਅਤੇ ਬਾਕੀ 20 ਕੈਦੀ ਜਿਨ੍ਹਾਂ ਦੇ ਪੈਰੋਲ ਸਬੰਧੀ ਕੇਸ ਡਿਪਟੀ ਕਮਿਸ਼ਨਰ ਬਰਨਾਲਾ ਐਸ.ਐਸ.ਪੀ. ਬਰਨਾਲਾ ਅਤੇ ਹੋਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਕੋਲ ਪੈਡਿੰਗ ਹਨ, ਦਾ ਨਿਪਟਾਰਾ ਜਲਦੀ ਹੀ ਕਰ ਦਿਤਾ ਜਾਵੇਗਾ।