ਇਕਤਦਾਰ ਚੀਮਾ ਨੇ UNO ਦੀ ਮਨੁੱਖੀ ਅਧਿਕਾਰਾਂ ਦੀ ਡੈਕਲੇਰੇਸ਼ਨ 'ਚ ਗੁਰਬਾਣੀ ਦੇ ਤਿੰਨ ਸ਼ਬਦ ਦਰਜ ਕਰਵਾਏ
ਡਾ. ਇਕਤਿਦਾਰ ਵਲੋਂ ਸੁਝਾਏ 4 ਸ਼ਬਦਾਂ 'ਚੋਂ ਤਿੰਨ ਐਲਾਨਨਾਮੇ ਵਿਚ ਪਾ ਦਿਤੇ ਗਏ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): “ਯੂ.ਐਨ.ਓ. ਸੰਸਾਰ ਦੇ ਸੱਭ ਮੁਲਕਾਂ ਦੀ ਅਗਵਾਈ ਕਰਨ ਵਾਲੀ ਕੌਮਾਂਤਰੀ ਸੰਸਥਾ ਹੈ ਜੋ ਸੰਸਾਰ ਨਿਵਾਸੀਆਂ ਨੂੰ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ, ਜੰਗਾਂ-ਯੁੱਧਾਂ, ਭਿਆਨਕ ਬਿਮਾਰੀਆਂ, ਕੁਦਰਤੀ ਆਫ਼ਤਾਂ ਦੇ ਸਮੇਂ ਮਨੁੱਖਤਾ ਦੀ ਬਿਹਤਰੀ ਕਰਨ ਤੇ ਸਮੁੱਚੇ ਸੰਸਾਰ ਵਿਚ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਲਈ ਜ਼ਿੰਮੇਵਾਰੀਆਂ ਨਿਭਾਉਂਦੀ ਆ ਰਹੀ ਹੈ।
ਇਹ ਸੰਸਥਾ ਹੁਣ ਕੋਰੋਨਾ ਦੀ ਭਿਆਨਕ ਆਫ਼ਤ ਸਮੇਂ ਮੋਹਰੀ ਹੋ ਕੇ ਜ਼ਿੰਮੇਵਾਰੀ ਨਿਭਾਅ ਰਹੀ ਹੈ ਤੇ ਉਸ ਵਲੋਂ ਮਨੁੱਖੀ ਹੱਕਾਂ ਅਤੇ ਔਰਤ ਦੇ ਹੱਕਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਮੁੱਖ ਰਖਦੇ ਹੋਏ ਡੈਕਲੇਰੇਸ਼ਨ ਤਿਆਰ ਕੀਤਾ ਗਿਆ ਹੈ। ਇਸ ਡੈਕਲੇਰੇਸ਼ਨ ਨੂੰ ਤਿਆਰ ਕਰਨ ਵਾਲੀ ਡਰਾਫ਼ਟ ਕਮੇਟੀ ਦੇ ਚੇਅਰਮੈਨ ਡਾ. ਇਕਤਿਦਾਰ ਚੀਮਾ ਹਨ ਜਿਨ੍ਹਾਂ ਨੇ ਜਦੋਂ ਵੇਖਿਆ ਕਿ ਇਸ ਡਰਾਫ਼ਟ ਵਿਚ ਯੂ.ਐਨ. ਦੀ ਸੰਸਥਾ ਵਲੋਂ ਬਾਈਬਲ, ਕੁਰਾਨ, ਤੋਰਾ ਅਤੇ ਹੋਰ ਕਈ ਧਰਮਾਂ ਅਤੇ ਕੌਮਾਂ ਦੇ ਗ੍ਰੰਥਾਂ ਵਿਚੋਂ ਇਸ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਸ਼ਬਦਾਂ ਨੂੰ ਇਸ ਡੈਕਲੇਰੇਸ਼ਨ ਵਿਚ ਦਰਜ ਕੀਤਾ ਜਾ ਰਿਹਾ ਹੈ
, ਤਾਂ ਡਾ. ਚੀਮਾ ਨੇ ਯੂ.ਐਨ. ਨੂੰ ਜਾਣੂ ਕਰਵਾਉਦੇ ਹੋਏ ਕਿਹਾ ਕਿ ਬੇਸ਼ੱਕ ਸਿੱਖ ਧਰਮ ਜਾਂ ਸਿੱਖ ਕੌਮ ਦਾ ਅਪਣਾ ਮੁਲਕ ਨਾ ਹੋਣ ਕਾਰਨ ਯੂ.ਐਨ. ਵਿਚ ਕੋਈ ਨੁਮਾਇੰਦਗੀ ਨਹੀਂ, ਪਰ ਦੁਨੀਆਂ ਦੇ ਵੱਡੇ ਗ੍ਰੰਥਾਂ ਅਤੇ ਧਰਮਾਂ ਵਿਚੋਂ ਸਿੱਖ ਧਰਮ ਸੰਸਾਰ ਦੇ ਪੰਜਵੇਂ ਧਰਮ 'ਤੇ ਆਉਂਦਾ ਹੈ ਅਤੇ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਅਤੇ ਬੀਬੀਆਂ ਦੇ ਹੱਕਾਂ ਦੀ ਰਾਖੀ ਬਾਰੇ ਅਤੇ ਉਨ੍ਹਾਂ ਨੂੰ ਬਰਾਬਰਤਾ ਦਾ ਸਨਮਾਨ ਦੇਣ ਬਾਰੇ ਸ਼ਬਦ ਦਰਜ ਹਨ। ਇਸ ਲਈ ਮਨੁੱਖੀ ਅਧਿਕਾਰਾਂ ਦੇ ਵੱਡੇ ਮਹੱਤਵ ਨੂੰ ਮੁੱਖ ਰਖਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਸਬੰਧਤ ਸ਼ਬਦਾਂ ਨੂੰ ਵੀ ਇਸ ਹਿਊਮਨਰਾਈਟਸ ਦੇ ਡੈਕਲੇਰੇਸ਼ਨ ਵਿਚ ਦਰਜ ਕੀਤਾ ਜਾਵੇ।
ਡਾ. ਚੀਮਾ ਨੇ ਇਸ ਵਿਸ਼ੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ 4 ਸ਼ਬਦ ਦਰਜ ਕਰਨ ਦਾ ਸੁਝਾਅ ਯੂ.ਐਨ.ਓ. ਨੂੰ ਦਿਤਾ ਜਿਨ੍ਹਾਂ ਵਿਚੋਂ 3 ਸ਼ਬਦ ਯੂ.ਐਨ.ਓ. ਨੇ ਪ੍ਰਵਾਨ ਕਰ ਕੇ ਉਪਰੋਕਤ ਡੈਕਲੇਰੇਸ਼ਨ ਵਿਚ ਗੁਰਮੁਖੀ ਦੇ ਨਾਲ-ਨਾਲ ਫ਼ਰੈਂਚ, ਫਾਰਸੀ ਅਤੇ ਉਰਦੂ ਵਿਚ ਅਨੁਵਾਦ ਕਰ ਕੇ ਦਰਜ ਕਰ ਦਿਤੇ ਹਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ 'ਤੇ ਜਿਥੇ ਡਾ. ਇਕਤਿਦਾਰ ਚੀਮਾ ਦੇ ਵੱਡੇ ਉਦਮਾਂ ਦਾ ਤਹਿ ਦਿਲੋਂ ਧਨਵਾਦ ਕੀਤਾ ਹੈ, ਉਥੇ ਯੂ.ਐਨ.ਓ. ਦੀ ਕੌਮਾਂਤਰੀ ਸੰਸਥਾਂ ਵਲੋਂ ਡਾ. ਚੀਮਾ ਵਲੋਂ ਭੇਜੇ ਸੁਝਾਅ ਨੂੰ ਪ੍ਰਵਾਨ ਕਰਨ ਉਤੇ ਉਸ ਦੀ ਵੀ ਭਰਪੂਰ ਸ਼ਲਾਘਾ ਕੀਤੀ ਹੈ।
ਉਨ੍ਹਾਂ ਇਸ ਗੱਲ ਤੋਂ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਜਾਣੂ ਕਰਵਾਉਦੇ ਹੋਏ ਕਿਹਾ ਕਿ ਡਾ. ਚੀਮਾ ਨੇ ਉਪਰੋਕਤ ਡੈਕਲੇਰੇਸ਼ਨ ਵਿਚ ਅਪਣੇ ਉਦਮਾਂ ਸਦਕਾ ਜੋ ਸ਼ਬਦ ਦਰਜ ਕਰਵਾਏ ਹਨ, ਉਨ੍ਹਾਂ ਵਿਚੋਂ ਪਹਿਲਾ ਸ਼ਬਦ 'ਹੁਣ ਹੁਕਮੁ ਹੋਇਆ ਮਿਹਰਵਾਣ ਦਾ, ਪੈ ਕੋਇ ਨ ਕਿਸੀ ਰਿਝਾਣ ਦਾ (ਪੰਨਾ 74 ਸ੍ਰੀ ਗੁਰੂ ਗ੍ਰੰਥ ਸਾਹਿਬ)' ਅਤੇ ਦੂਜਾ ਸ਼ਬਦ 'ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ (ਪੰਨਾ 473 ਸ੍ਰੀ ਗੁਰੂ ਗ੍ਰੰਥ ਸਾਹਿਬ)' ਅਤੇ ਤੀਸਰਾ ਸ਼ਬਦ 'ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰੁ ਸਰਬ ਕਉ ਸੋਖ£ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪ੍ਰਵਾਨ£ (ਪੰਨਾ 272 ਸ੍ਰੀ ਗੁਰੂ ਗ੍ਰੰਥ ਸਾਹਿਬ)'। ਇਕ ਕੌਮਾਂਤਰੀ ਸੰਸਥਾ ਵਿਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਲੋਕਿਕ ਵਡਮੁੱਲਾ ਮਨੁੱਖਤਾ ਪੱਖੀ ਸੰਦੇਸ਼ ਦਿਤਾ ਗਿਆ ਹੈ, ਇਸ ਨਾਲ ਸਿੱਖ ਕੌਮ ਅਤੇ ਸਿੱਖ ਧਰਮ ਦਾ ਸੰਸਾਰ ਪੱਧਰ 'ਤੇ ਮਾਣ-ਸਨਮਾਨ ਵਿਚ ਢੇਰ ਸਾਰਾ ਵਾਧਾ ਹੋਇਆ ਹੈ।
ਅੰਮ੍ਰਿਤਸਰ ਅਕਾਲੀ ਦਲ ਵਲੋਂ ਟਰੰਪ ਅਤੇ ਟਰੂਡੋ ਦਾ ਵੀ ਧਨਵਾਦ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਡਾ. ਇਕਬਾਲ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਸੰਕਟ ਦੀ ਘੜੀ ਵਿਚ ਉਚੇਚੇ ਤੌਰ 'ਤੇ ਇਸ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਸਿੱਖ ਕੌਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਉਤੇ ਜ਼ਿੰਮੇਵਾਰੀ ਪਾਈ ਗਈ ਹੈ, ਜਿਸ ਨੂੰ ਸਿੱਖ ਕੌਮ ਪ੍ਰਤੱਖ ਰੂਪ ਵਿਚ ਪੂਰਨ ਕਰ ਰਹੀ ਹੈ। ਉਸ ਲਈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਉਚੇਚੇ ਤੌਰ 'ਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਭੂਮਿਕਾ ਦੀ ਗੱਲ ਕਰਦੇ ਹੋਏ ਮਾਣ-ਸਨਮਾਨ ਦਿਤਾ ਗਿਆ ਹੈ। ਆਉਣ ਵਾਲੀ ਮਰਦਮਸ਼ੁਮਾਰੀ ਵਿਚ ਸਿਖ ਕੌਮ ਨੂੰ ਬਤੌਰ ਵਖਰੀ ਕੌਮ ਦੇ ਕਾਨੂੰਨੀ ਮਾਨਤਾ ਦੇਣ ਦੀ ਗੱਲ ਦੀ ਕੀਤੀ ਗਈ ਹੈ। ਇਹ ਉਦਮ ਸਿੱਖ ਕੌਮ ਦੀ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਨੂੰ ਉਜਾਗਰ ਕਰਦੇ ਹਨ।