ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਕਾਰਗਰ ਸਿੱਧ ਹੋ ਰਹੀ ਹੈ ਜਪਾਨੀ ਮਸ਼ੀਨ
ਹੁਣ ਤਕ ਨਿਗਮ ਵਲੋਂ ਕਰੀਬ 97 ਹਜ਼ਾਰ ਲੀਟਰ ਰੋਗਾਣੂ ਮੁਕਤ ਘੋਲ ਦਾ ਕੀਤਾ ਛਿੜਕਾਅ : ਕਮਿਸ਼ਨਰ
ਪਟਿਆਲਾ (ਤੇਜਿੰਦਰ ਫ਼ਤਿਹਪੁਰ) : ਨਗਰ ਨਿਗਮ ਵਲੋਂ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਰੋਜ਼ਾਨਾ ਹੀ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਟਵਿਨਆਕਸਾਈਡ ਦਾ ਘੋਲ ਪਾ ਕੇ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਬਾਰੇ ਨਗਰ ਨਿਗਮ ਦੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਨਗਰ ਨਿਗਮ ਦਾ ਜਾਬਾਜ਼ ਅਮਲਾ ਪੂਰੀ ਤਨਦੇਹੀ ਨਾਲ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਜੁਟਿਆ ਹੋਇਆ ਹੈ।
ਉਨ੍ਹਾਂ ਦਸਿਆ ਕਿ ਸ਼ਹਿਰ ਵਿੱਚ ਜਿਥੇ ਵੱਡੇ ਵਾਹਨ ਨਹੀਂ ਪਹੁੰਚ ਸਕਦੇ ਉਥੇ ਕਰਮਚਾਰੀਆਂ ਵਲੋਂ ਛੋਟੇ ਸਪਰੇਅ ਪੰਪਾਂ ਨਾਲ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ 11 ਅਪ੍ਰੈਲ ਸ਼ਾਮ ਤਕ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਕਰੀਬ 97 ਹਜ਼ਾਰ ਲੀਟਰ ਜੀਵਾਣੂ ਮੁਕਤ ਘੋਲ ਦਾ ਛਿੜਕਾਅ ਕੀਤਾ ਗਿਆ ਹੈ ਜਿਸ ਵਿੱਚ 970 ਲੀਟਰ ਟਵਿਨਆਕਸਾਈਡ ਦਵਾਈ ਦੀ ਵਰਤੋਂ ਕੀਤੀ ਗਈ ਹੈ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸ਼ਹਿਰ ਦੀਆਂ ਲੰਮੀਆਂ ਗਲੀਆਂ ਵਿੱਚ ਜਿਥੇ ਛੋਟੇ ਪੰਪਾਂ ਨਾਲ ਸਪਰੇਅ ਕਰਨਾ ਮੁਸ਼ਕਲ ਸੀ, ਉਸ ਲਈ ਨਗਰ ਨਿਗਮ ਨੇ ਕਰੀਬ 2 ਲੱਖ 10 ਹਜ਼ਾਰ ਰੁਪਏ ਦੀ ਨਵੀਂ ਮਸ਼ੀਨ ਖ਼ਰੀਦੀ ਸੀ। ਇਸ ਨਾਲ ਸ਼ਹਿਰ ਦੇ ਜਨਤਕ ਸਥਾਨਾਂ ਸਮੇਤ ਵੱਡੇ ਤੇ ਚੌੜੇ ਬਾਜ਼ਾਰਾਂ ਨੂੰ ਜੀਵਾਣੂ ਮੁਕਤ ਕਰਨ ਲਈ ਟਵਿਨਆਕਸਾਈਡ ਦੇ ਵਿਸ਼ੇਸ਼ ਘੋਲ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ।
ਪੂਨਮਦੀਪ ਕੌਰ ਨੇ ਦਸਿਆ ਕਿ ਸ਼ਹਿਰ ਦੀਆਂ ਚੌੜੀਆਂ ਸੜਕਾਂ 'ਤੇ ਸਪਰੇਅ ਕਰਨ ਲਈ ਹੁਣ ਜਪਾਨੀ ਮਸ਼ੀਨ ਦਾ ਉਪਯੋਗ ਕੀਤਾ ਜਾ ਰਿਹਾ ਹੈ ਜੋ ਇਕੋ ਸਮੇਂ ਵੱਡੇ ਖੇਤਰ 'ਚ ਛਿੜਕਾਅ ਕਰ ਰਹੀ ਹੈ ਅਤੇ ਬਹੁਤ ਹੀ ਕਾਰਗਰ ਸਿੱਧ ਹੋ ਰਹੀ ਹੈ। ਉਨ੍ਹਾਂ ਦਸਿਆ ਕਿ ਅੱਜ ਇਸ ਮਸ਼ੀਨ ਵੱਲੋਂ ਨਗਰ ਨਿਗਮ ਦਫ਼ਤਰ, ਠੀਕਰੀਵਾਲਾ ਚੌਂਕ, ਫੁਹਾਰਾ ਚੌਂਕ, 22 ਨੰਬਰ ਫਾਟਕ, ਭੁਪਿੰਦਰਾ ਰੋਡ, ਨਾਭਾ ਗੇਟ, ਜੇਲ ਰੋਡ ਅਤੇ ਪਾਸੀ ਰੋਡ 'ਤੇ ਛਿੜਕਾਅ ਕੀਤਾ ਗਿਆ ਹੈ।