ਲੈਫ਼ਟੀਨੈਂਟ ਜਨਰਲ ਟੀ.ਐਸ. ਸ਼ੇਰਗਿਲ ਵਲੋਂ ਕੋਵਿਡ-19 ਵਿਰੁਧ ਪ੍ਰਬੰਧਾਂ ਦਾ ਜਾਇਜ਼ਾ
ਸੀਨੀਅਰ ਵਾਈਸ ਚੇਅਰਮੈਨ (ਜੀਓਜੀ) ਅਤੇ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਕਰੋਨਾ ਵਾਇਰਸ ਅਤੇ ਕਰਫ਼ਿਊ ਦੇ
ਬਰਨਾਲਾ (ਪੁਲਕਿਤ ਗੋਇਲ) : ਸੀਨੀਅਰ ਵਾਈਸ ਚੇਅਰਮੈਨ (ਜੀਓਜੀ) ਅਤੇ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਕਰੋਨਾ ਵਾਇਰਸ ਅਤੇ ਕਰਫ਼ਿਊ ਦੇ ਮੱਦੇਨਜ਼ਰ ਅੱਜ ਬਰਨਾਲਾ ਵਿਖੇ ਪ੍ਰਬੰਧਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਐਸਐਸਪੀ ਸੰਦੀਪ ਗੋਇਲ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਅਤੇ ਉਪਰਾਲਿਆਂ 'ਤੇ ਤਸੱਲੀ ਜਤਾਈ, ਉਥੇ ਹੀ ਆਖਿਆ ਕਿ ਖੁਸ਼ਹਾਲੀ ਦੇ ਰਾਖੇ (ਜੀਓਜੀ) ਕੋਵਿਡ-19 ਵਿਰੁਧ ਮੁਹਿੰਮ ਵਿਚ ਮਦਦ ਤੋਂ ਇਲਾਵਾ ਕਣਕ ਦੇ ਸੁਚੱਜੇ ਮੰਡੀਕਰਨ ਵਿਚ ਵੀ ਭਰਵਾਂ ਸਹਿਯੋਗ ਦੇਣਗੇ।
ਲੈਫ਼ਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕੋਰੋਨਾ ਵਾਇਰਸ ਵਿਰੁਧ ਜੰਗ 'ਚ ਬਹੁਤ ਤੇਜ਼ੀ ਨਾਲ ਢੁਕਵੇਂ ਕਦਮ ਚੁੱਕ ਰਹੀ ਹੈ ਤਾਂ ਜੋ ਸਥਿਤੀ ਛੇਤੀ ਤੋਂ ਛੇਤੀ ਆਮ ਵਾਂਗ ਹੋ ਸਕੇ। ਉਨ੍ਹਾਂ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਖਿਲਾਫ ਮੁਹਿੰਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰਵਾਂ ਸਹਿਯੋਗ ਦੇਣ ਦਾ ਸੱਦਾ ਦਿੰਦੇ ਹੋਏ ਆਖਿਆ ਕਿ ਲੋਕ ਘਰਾਂ ਵਿਚ ਰਹਿਣ ਤੇ ਸੁਰੱਖਿਆ ਰਹਿਣ, ਇਸੇ ਫਾਰਮੂਲੇ ਨਾਲ ਹੀ ਅਸੀਂ ਕਰੋਨਾ ਵਾਇਰਸ ਖਿਲਾਫ ਜੰਗ ਜਿੱਤ ਸਕਦੇ ਹਾਂ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਕੀਤੇ ਇੰਤਜ਼ਾਮਾਂ ਬਾਰੇ ਦਸਿਆ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਤੇ ਕਰਮਚਾਰੀ, ਐਨਜੀਓਜ਼ ਤੇ ਜੀਓਜੀ ਬਹੁਤ ਸ਼ਿੱਦਤ ਨਾਲ ਸੇਵਾਵਾਂ ਨਿਭਾਅ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਐਸਐਸਪੀ ਸ੍ਰੀ ਗੋਇਲ ਨੇ ਬਰਨਾਲਾ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਕੀਤੇ ਜਾ ਰਹੇ ਹੋਰ ਉਪਰਾਲਿਆਂ ਬਾਰੇ ਦੱਸਿਆ।
ਇਸ ਮੌਕੇ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਦੱਸਿਆ ਕਿ ਜੀਓਜੀ ਦੇ ਕੰਮ ਨੂੰ ਹੋਰ ਪ੍ਰਭਾਵੀ ਕਰਨ ਲਈ ਆਨਲਾਈਨ ਪੋਰਟਲ ਨੂੰ ਹੋਰ ਸਮਰੱਥ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਦੇ ਦੂਰ-ਦਰਾਜ ਦੇ ਪਿੰਡਾਂ ਤੋਂ ਖੁਸ਼ਹਾਲੀ ਦੇ ਰਾਖੇ ਤੁਰੰਤ ਆਪਣੀ ਰਿਪੋਰਟ ਸਿੱਧਾ ਉਨ੍ਹਾਂ ਨੂੰ ਅਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨੂੰ ਭੇਜ ਸਕਦੇ ਹਨ, ਇਸ ਨਾਲ ਲੋਕ ਮਸਲਿਆਂ ਦੇ ਤੇਜ਼ੀ ਨਾਲ ਨਿਪਟਾਰਾ ਸੰਭਵ ਹੋ ਸਕੇਗਾ।