ਪੁਲਿਸ 'ਤੇ ਹਮਲਾ ਕਰਨ ਵਾਲਿਆਂ ਦਾ ਨਿਹੰਗ ਸਿੰਘ ਦਲਾਂ ਨਾਲ ਕੋਈ ਸਬੰਧ ਨਹੀਂ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਅਖੌਤੀ ਲੋਕਾਂ ਦੀ ਇਸ ਕਾਰਵਾਈ ਨੇ ਸਮੁੱਚੇ ਨਿਹੰਗ ਸਿੰਘਾਂ ਦਾ ਅਕਸ ਖ਼ਰਾਬ ਕੀਤਾ

ਪੁਲਿਸ 'ਤੇ ਹਮਲਾ ਕਰਨ ਵਾਲਿਆਂ ਦਾ ਨਿਹੰਗ ਸਿੰਘ ਦਲਾਂ ਨਾਲ ਕੋਈ ਸਬੰਧ ਨਹੀਂ : ਬਾਬਾ ਬਲਬੀਰ ਸਿੰਘ

ਪਟਿਆਲਾ, 12 ਅਪ੍ਰੈਲ (ਤੇਜਿੰਦਰ ਫ਼ਤਿਹਪੁਰ): ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਬਾਬਾ ਗੱਜਣ ਸਿੰਘ ਬਾਬਾ ਬਕਾਲਾ ਨੇ ਸਬਜ਼ੀ ਮੰਡੀ ਪਟਿਆਲਾ ਵਿਖੇ ਦੇਸ਼ ਵਿਰੋਧੀ, ਬਦਮਾਸ਼, ਨਕਲੀਏ ਬਹਿਰੂਪੀਏ ਬਿਰਤੀ ਵਾਲੇ ਲੋਕਾਂ ਵਲੋਂ ਪੁਲਿਸ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਮੁਲਾਜ਼ਮਾਂ ਉੱਪਰ ਹਮਲਾ ਕੀਤੇ ਜਾਣ ਵਾਲੀ ਦੁਖਦਾਈ ਅਫ਼ਸੋਸਜਨਕ ਤੇ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਕਰਨ ਵਾਲੇ ਨਿਹੰਗ ਸਿੰਘ ਹੋ ਹੀ ਨਹੀਂ ਸਕਦੇ।

Baba Balbir Singh

ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਅਕਾਲ ਪੁਰਖ ਦਾ ਸਾਜਿਆ ਹੋਇਆ ਖ਼ਾਲਸਾ ਹੈ, ਇਹ ਕਿਸੇ 'ਤੇ ਅਣਆਏ ਹਮਲੇ ਬਾਰੇ ਸੋਚ ਵੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਔਖੀ ਘੜੀ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਹੈ ਅਤੇ ਹਰ ਕਿਸੇ ਨੂੰ ਸਰਕਾਰੀ ਹਦਾਇਤਾਂ ਦਾ ਪਾਬੰਦ ਹੋਣਾ ਚਾਹੀਦਾ ਹੈ।


ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਸਮੁੱਚੇ ਸੰਸਾਰ ਵਿਚ ਅਤੇ ਖ਼ਾਸਕਰ ਸਾਡੇ ਦੇਸ਼ ਤੇ ਸੂਬੇ ਅੰਦਰ ਕਹਿਰ ਵਾਪਰ ਰਿਹਾ ਹੈ ਜਿਸ ਨਾਲ ਅਣਗਿਣਤ ਮੌਤਾਂ ਹੋ ਰਹੀਆਂ ਹਨ। ਇਸ ਸਮੇਂ ਪੁਲਿਸ, ਸਿਹਤ ਸੇਵਾਵਾਂ ਤੇ ਸਫ਼ਾਈ ਵਿਭਾਗ ਦੇ ਕਰਮਚਾਰੀਆਂ ਵਲੋਂ ਦਿਨ ਰਾਤ ਇਕ ਕਰ ਕੇ ਸਮਾਜ ਦੇ ਲੋਕਾਂ ਨੂੰ ਬਚਾਉਣ ਦੀ ਸੇਵਾ ਵਿਚ ਲੱਗੇ ਹੋਏ ਹਨ।

ਉਨ੍ਹਾਂ ਉਪਰ ਸਿਰਫਿਰੇ ਲੋਕਾਂ ਵਲੋਂ ਹਮਲਾ ਕਰਨਾ ਅਤਿ ਨਿੰਦਣਯੋਗ, ਘਟੀਆ, ਅਫ਼ਸੋਸਜਨਕ ਤੇ ਮੰਦਭਾਗਾ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸੇਵਾ ਨਿਭਾ ਰਹੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਤਰਨਾ ਦਲਾਂ ਦੇ ਨਿਹੰਗ ਸਿੰਘਾਂ ਵਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਕੋਰੋਨਾ ਦੀ ਮਹਾਂਮਾਰੀ ਸਮੇਂ ਲੋੜਵੰਦ ਲੋਕਾਂ ਤਕ ਰਾਸ਼ਨ, ਲੰਗਰ ਵੰਡਣ ਤੇ ਪਹੁੰਚਾਉਣ ਦੀ ਨਿਰਸਵਾਰਥ ਅੱਗੇ ਹੋ ਕੇ ਸੇਵਾ ਕੀਤੀ ਜਾ ਰਹੀ ਹੈ।

ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਦੇਸ਼ ਵਿਰੋਧੀ ਲੋਕਾਂ ਦੀ ਇਸ ਘਟਨਾ ਨੇ ਸਿੱਖ ਕੌਮ ਤੇ ਖ਼ਾਸਕਰ ਨਿਹੰਗ ਸਿੰਘ ਜਥੇਬੰਦੀਆਂ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਖੌਤੀ ਲੋਕ ਕਿਸੇ ਵੀ ਨਿਹੰਗ ਜਥੇਬੰਦੀ ਨਾਲ ਸਬੰਧਤ ਨਹੀ ਹਨ, ਇਨ੍ਹਾਂ ਅਖੌਤੀ ਲੋਕਾਂ ਨੇ ਨਿਹੰਗ ਬਾਣੇ ਦਾ ਅਪਮਾਨ ਤੇ ਨਿਰਾਦਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਇਸ ਘਟਨਾ ਨੇ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਈ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਲੋਕਾਂ ਕੋਲੋਂ ਵੱਡੀ ਮਾਤਰਾ ਵਿਚ ਨਜ਼ਾਇਜ ਹਥਿਆਰ, 35 ਲੱਖ ਦੀ ਨਕਦ ਰਾਸ਼ੀ ਅਤੇ ਵਰਜਿਤ ਸਾਜ਼ੋ ਸਮਾਨ ਜੋ ਫੜਿਆ ਗਿਆ ਹੈ, ਉਸ ਦੀ ਅਤੇ ਇਨ੍ਹਾਂ ਲੋਕਾਂ ਦੀਆਂ ਗਤੀ ਵਿਧੀਆਂ ਅਤੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਲੋਕਾਂ ਦੇ ਕਿਹੜੇ-ਕਿਹੜੇ ਲੋਕਾਂ ਨਾਲ ਸਬੰਧ ਹਨ ਤੇ ਇਹ ਕਿਨ੍ਹਾਂ ਦੇ ਹੱਥ ਠੋਕੇ ਹਨ।