ਘਰ 'ਚ ਇਕਾਂਤਵਾਸ ਕੀਤੇ ਵਿਅਕਤੀ ਵਿਰੁਧ ਮਾਮਲਾ ਦਰਜ
ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿਚ ਆਏ ਇਕ ਵਿਅਕਤੀ 'ਤੇ ਘਰ ਤੋਂ ਬਾਹਰ ਘੁੰਮਣ ਦੇ ਦੋਸ਼ ਹੇਠ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸਿਹਤ ਵਿਭਾਗ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ): ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿਚ ਆਏ ਇਕ ਵਿਅਕਤੀ 'ਤੇ ਘਰ ਤੋਂ ਬਾਹਰ ਘੁੰਮਣ ਦੇ ਦੋਸ਼ ਹੇਠ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸਿਹਤ ਵਿਭਾਗ ਵਲੋਂ ਇਸ ਵਿਅਕਤੀ ਨੂੰ ਹੋਮ ਕੁਆਰਨਟਾਈਨ ਕੀਤਾ ਹੋਇਆ ਸੀ। ਮੁਬਾਰਕਪੁਰ ਪੁਲਿਸ ਨੇ ਸੀਆ ਰਾਮ ਪੁੱਤਰ ਬੂਟਾ ਵਾਸੀ ਕਿਰਾਏਦਾਰ ਮੁਬਾਰਕਪੁਰ ਵਿਰੁਧ ਆਈਪੀਸੀ ਦੀ ਧਾਰਾ 188, 269, 270 ਅਤੇ 271 ਤਹਿਤ ਮਾਮਲਾ ਦਰਜ ਕੀਤਾ ਹੈ।
ਤਫ਼ਤੀਸ਼ੀ ਅਫ਼ਸਰ ਏਐਸਆਈ ਰਜਿੰਦਰ ਕੁਮਾਰ ਨੇ ਦਸਿਆ ਕਿ ਕਰਫ਼ਿਊ ਦੌਰਾਨ ਉਹ ਵਿਸ਼ੇਸ਼ ਡਿਊਟੀ ਦੌਰਾਨ ਮੁਬਾਰਕਪੁਰ ਤੋਂ ਪਿੰਡ ਕਕਰਾਲੀ ਵਲ ਨੂੰ ਜਾ ਰਹੇ ਸਨ। ਜਦੋਂ ਮੁਬਾਰਕਪੁਰ ਬਾਲਾ ਜੀ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਉਕਤ ਵਿਅਕਤੀ ਪੈਦਲ ਆ ਰਿਹਾ ਸੀ। ਇਸ ਨੂੰ ਕਰਫ਼ਿਊ ਦੌਰਾਨ ਬਾਹਰ ਘੁੰਮਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਤਸੱਲੀ ਬਖ਼ਸ ਜਵਾਬ ਨਹੀਂ ਦੇ ਸਕਿਆ ਅਤੇ ਅਪਣੇ ਘਰ ਭੱਜ ਗਿਆ।
ਪੁਲਿਸ ਟੀਮ ਉਸ ਦਾ ਪਿੱਛਾ ਕਰਦੇ ਹੋਏ ਜਦੋਂ ਉਸ ਦੇ ਘਰ ਪਹੁੰਚੀ ਤਾਂ ਉਕਤ ਵਿਅਕਤੀ ਦੇ ਗੇਟ 'ਤੇ ਹੋਮ ਕੁਆਰਨਟਾਈਨ ਰਹਿਣ ਦਾ ਪੋਸਟਰ ਲੱਗਾ ਹੋਇਆ ਸੀ। ਇਸ ਨੂੰ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿਚ ਆਉਣ 'ਤੇ ਬਾਹਰ ਨਾ ਨਿਕਲਣ ਦੇ ਆਦੇਸ਼ ਲਿਖੇ ਹੋਏ ਸਨ। ਪੁਲਿਸ ਨੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਨੂੰ ਹੋਮ ਕੁਆਰਟਾਈਨ ਦੀ ਮਿਆਦ ਪੂਰੀ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਜਾਵੇਗਾ।