ਦਿੱਲੀ 'ਚ ਕੋਵਿਡ-19 ਸਬੰਧੀ ਹਾਲਾਤ 'ਬੇਹੱਦ ਗੰਭੀਰ' : ਅਰਵਿੰਦ ਕੇਜਰੀਵਾਲ
ਦਿੱਲੀ 'ਚ ਕੋਵਿਡ-19 ਸਬੰਧੀ ਹਾਲਾਤ 'ਬੇਹੱਦ ਗੰਭੀਰ' : ਅਰਵਿੰਦ ਕੇਜਰੀਵਾਲ
ਕਿਹਾ, ਜੇਕਰ ਦਿੱਲੀ ਦੇ ਹਸਪਤਾਲਾਂ 'ਚ ਬੈੱਡ ਘੱਟ ਗਏ ਤਾਂ ਲੱਗ ਸਕਦੀ ਹੈ ਤਾਲਾਬੰਦੀ
ਨਵੀਂ ਦਿੱਲੀ, 11 ਅਪ੍ਰੈਲ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਦਿੱਲੀ 'ਚ ਕੋਰੋਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਬੀਤੇ 24 ਘੰਟਿਆਂ 'ਚ 10,732 ਮਾਮਲੇ ਆਉਣ ਦੇ ਨਾਲ ਹੀ ਸ਼ਹਿਰ 'ਚ ਹਾਲਾਤ ਬੇਹੱਦ ਗੰਭੀਰ ਹਨ | ਉਨ੍ਹਾਂ ਕਿਹਾ ਕਿ ਦਿੱਲੀ 'ਚ ਕੋਰੋਨਾ ਦੀ ਚੌਥੀ ਲਹਿਰ ਬੇਹੱਦ ਖ਼ਤਰਨਾਕ ਹੈ ਅਤੇ ਬਹੁਤ ਤੇਜੀ ਨਾਲ ਲੋਕ ਇਸ ਦੀ ਚਪੇਟ 'ਚ ਆ ਰਹੇ ਹਨ | ਸਿਰਫ਼ ਕੁੱਝ ਹਫ਼ਤੇ ਪਹਿਲਾਂ 16 ਫ਼ਰਵਰੀ ਨੂੰ ਹੀ ਦਿੱਲੀ 'ਚ ਇਕ ਦਿਨ 'ਚ ਲਾਗ ਦੇ 100 ਤੋਂ ਘੱਟ ਮਾਮਲੇ ਆਏ ਸਨ | ਉਨ੍ਹਾਂ ਕਿਹਾ, ''ਪਿਛਲੇ 10-15 ਦਿਨਾਂ 'ਚ ਮਾਮਲੇ ਬਹੁਤ ਵੱਧ ਗਏ ਹਨ | ਬੀਤੇ 24 ਘੰਟਿਆਂ 'ਚ 10,732 ਮਾਮਲੇ ਆਉਣ ਦੇ ਨਾਲ ਹੀ ਸ਼ਹਿਰ 'ਚ ਹਾਲਾਤ ਬੇਹੱਦ ਗੰਭੀਰ ਹਨ | ਦਿੱਲੀ 'ਚ ਮਹਾਂਮਾਰੀ ਫੈਲਣ ਦੇ ਬਾਅਦ ਤੋਂ ਇਕ ਦਿਨ 'ਚ ਆਏ ਇਹ ਸੱਭ ਤੋਂ ਵੱਧ ਮਾਮਲੇ ਹਨ |
ਕੇਜਰੀਵਾਲ ਨੇ ਕਿਹਾ ਕਿ ਮੈਂ ਤਾਲਾਬੰਦੀ ਦੇ ਹੱਕ 'ਚ ਨਹੀਂ ਹਾਂ | ਜੇਕਰ ਦਿੱਲੀ ਦੇ ਹਸਪਤਾਲਾਂ 'ਚ ਭੀੜ ਵੱਧ ਗਈ ਅਤੇ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਲਈ ਬੈੱਡ ਘੱਟ ਪੈ ਗਏ ਤਾਂ ਦਿੱਲੀ 'ਚ ਤਾਲਾਬੰਦੀ ਲਗਾਉਣੀ ਪੈ ਸਕਦੀ ਹੈ | ਕੇਜਰੀਵਾਲ ਨੇ ਕਿਹਾ ਕਿ ਸਾਨੂੰ ਕੋਰੋਨਾ ਨਾਲ ਨਜਿੱਠਣ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ | ਜੇਕਰ ਤੁਹਾਡਾ ਸਾਰਿਆਂ ਤਾ ਸਹਿਯੋਗ ਮਿਲਦਾ ਹੈ ਅਤੇ ਹਸਪਤਾਲਾਂ ਦੀ ਸਥਿਤੀ ਕੰਟਰੋਲ 'ਚ ਰਹਿੰਦੀ
ਹੈ ਤਾਂ ਦਿੱਲੀ 'ਚ ਤਾਲਾਬੰਦੀ ਲਗਾਉਣ ਦੀ ਜ਼ਰੂਰਤ ਨਹੀਂ ਪਏਗੀ | ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤਾਂ ਹੀ ਰੁਕ ਸਕਦਾ ਹੈ ਜਦੋਂ ਜਨਤਾ ਸੁਚੇਤ ਰਹੇ | ਜਦੋਂ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ |
ਮੁੱਖ ਮੰਤਰੀ ਕੇਜਰੀਵਾਲ ਨੇ ਦਸਿਆ ਕਿ ਸਨਿਚਰਵਾਰ ਨੂੰ ਉਹ ਐਲ.ਐਨ.ਜੇ.ਪੀ. ਹਸਪਤਾਲ ਗਏ ਸਨ | ਉਥੇ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ, ਉਸ ਨੂੰ ਵੇਖ ਕੇ ਉਹ ਸਾਰੇ ਸਿਹਤ ਕਾਮਿਆਂ ਨੂੰ ਸੈਲਿਊਟ ਕਰਦੇ ਹਨ ਜੋ ਬੀਤੇ ਇਕ ਸਾਲ ਤੋਂ ਇਸ ਮਹਾਂਮਾਰੀ ਨਾਲ ਲੜ ਰਹੇ ਹਨ | ਕੇਜਰੀਵਾਲ ਨੇ ਅਪੀਲ ਕੀਤੀ ਕਿ ਸਿਹਤ ਕਾਮੇਂ ਤਾਂ ਆਣਾ ਕੰਮ ਕਰ ਹੀ ਰਹੇ ਹਨ ਪਰ ਜਨਤਾ ਨੂੰ ਵੀ ਇਸ ਵਿਚ ਪਿਛਲੀ ਵਾਰ ਦੀ ਤਰ੍ਹਾਂ ਅਪਣਾ ਸਹਿਯੋਗ ਦੇਣਾ ਹੋਵੇਗਾ |
ਉਨ੍ਹਾਂ ਨੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣ ਦੀ ਅਪੀਲ ਕੀਤੀ | ਕੇਜਰੀਵਾਲ ਬੋਲੇ ਕਿ ਵੇਖਿਆ ਜਾਂਦਾ ਹੈ ਕਿ ਕੁਝ ਲੋਕ ਨਿੱਜੀ ਹਸਪਤਾਲ ਦੇ ਪਿੱਛੇ ਹੀ ਦੌੜਦੇ ਹਨ ਪਰ ਤੁਸੀਂ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਵੀ ਇਲਾਜ ਕਰਵਾ ਸਕਦੇ ਹੋ, ਉਥੇ ਚੰਗਾ ਇਲਾਜ ਅਤੇ ਸੁਵਿਧਾ ਤੁਹਾਨੂੰ ਮਿਲੇਗੀ | ਕੇਜਰੀਵਾਲ ਦਾ ਕਹਿਣਾ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਵੈਕਸੀਨ ਦੇ ਵੱਡੇ ਉਤਪਾਦਕ ਹਾਂ ਅਤੇ ਵੈਕਸੀਨ ਆ ਵੀ ਚੁੱਕੀ ਹੈ ਪਰ ਉਸ ਤੋਂ ਬਾਅਦ ਵੀ ਦੇਸ਼ 'ਚ ਕੋਰੋਨਾ ਤੇਜੀ ਨਾਲ ਵਧ ਰਿਹਾ ਹੈ | ਇਹ ਬਹੁਤ ਹੀ ਗੰਭੀਰ ਸਥਿਤੀ ਹੈ | ਅਜਿਹੇ 'ਚ ਸਾਨੂੰ ਜੰਗੀ ਪੱਧਰ 'ਤੇ ਪੂਰੇ ਦੇਸ਼ 'ਚ ਬਿਨਾਂ ਕਿਸੇ ਉਮਰ ਸੀਮਾ ਦੇ ਵੈਕਸੀਨੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ | (ਏਜੰਸੀ)