ਦਿੱਲੀ ਪੁਲਿਸ ਦੀ ਪੰਜਾਬ 'ਚ ਦਖ਼ਲਅੰਦਾਜ਼ੀ ਕੈਪਟਨ ਦੇ ਕਮਜ਼ੋਰ ਮੁੱਖ ਮੰਤਰੀ ਹੋਣ ਦਾ ਸਬੂਤ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਆਪਣੇ ਪੁੱਤਰ ਦੇ ਈ.ਡੀ ਕੇਸਾਂ ਤੋਂ ਡਰਦਾ ਮੋਦੀ ਖ਼ਿਲਾਫ਼ ਬੋਲਣ ਤੋਂ ਕਰਦਾ ਹੈ ਗੁਰੇਜ

Bhagwant Mann

ਚੰਡੀਗੜ - ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਹੁਕਮਾਂ 'ਤੇ ਦਿੱਲੀ ਪੁਲਿਸ ਇੱਥੇ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਪੁਲੀਸ ਨੂੰ ਬਿਨਾਂ ਕਿਸੇ ਇਤਲਾਹ ਕੀਤੇ ਪੰਜਾਬ ਦੇ ਵੱਖ ਵੱਖ ਕੋਨਿਆਂ ਵਿਚ ਕੀਤੀਆਂ ਜਾ ਰਹੀਆਂ ਰੇਡਾਂ ਅਤੇ ਨੌਜਵਾਨਾਂ ਨੂੰ ਚੁੱਕ ਕੇ ਉਨਾਂ 'ਤੇ ਬੇਹਿਤਾਸ਼ਾ ਤਸ਼ੱਦਦ ਕੀਤੇ ਜਾਣ ਦੀ ਸਖ਼ਤ ਅਲੋਚਨਾ ਕਰਦਿਆਂ, ਇਸ ਨੂੰ ਪੰਜਾਬ ਦੇ ਸੰਵਿਧਾਨਕ ਅਧਿਕਾਰਾਂ 'ਤੇ ਡਾਕਾ ਕਰਾਰ ਦਿੱਤਾ ਹੈ, ਜਿਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਡਰਾਉਣਾ ਅਤੇ ਧਮਕਾਉਣਾ ਚਾਹੁੰਦੇ ਹਨ, ਤਾਂ ਜੋ ਪੰਜਾਬ ਦੇ ਸੂਰਬੀਰ ਨੌਜਵਾਨ ਕਾਲੇ ਖੇਤੀ ਬਿਲਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਤੋਂ ਅਲੱਗ ਹੋ ਜਾਣ।  

ਉਨਾਂ ਕਿਹਾ ਕੀਤਾ ਕਿ ਪੰਜਾਬ ਸਰਕਾਰ ਦੀ ਆਗਿਆ ਤੋਂ ਬਿਨਾਂ ਕਿਵੇਂ ਦਿੱਲੀ ਦੀ ਪੁਲਿਸ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ? ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੀ ਜਾਣਕਾਰੀ ਨਹੀਂ ਸੀ? ਜਾਂ ਫਿਰ ਮੋਦੀ ਦੀ ਸ਼ਹਿ ਪ੍ਰਾਪਤ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਪੰਜਾਬ ਵਿੱਚ ਦਖ਼ਲਅੰਦਾਜ਼ੀ ਕੈਪਟਨ ਦੇ ਕਮਜ਼ੋਰ ਮੁੱਖ ਮੰਤਰੀ ਹੋਣ ਦਾ ਸਬੂਤ ਪੇਸ਼ ਕਰਦੀ ਹੈ।

ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਤਾ ਕਰਕੇ ਆਪਣੇ ਪਰਿਵਾਰ ਨੂੰ ਲੁੱਟ ਘਸੁੱਟ ਕਰਕੇ ਬਣਾਈ ਅਰਬਾਂ ਦੀ ਜਾਇਦਾਦ ਦੇ ਮਾਮਲੇ ਵਿੱਚੋਂ ਈ.ਡੀ ਦੀ ਕਾਰਵਾਈ ਤੋਂ ਬਚਾਉਣਾ ਚਾਹੁੰਦੇ ਹਨ,ਇਸੇ ਲਈ ਕੈਪਟਨ ਨੇ ਪੰਜਾਬ ਦੇ ਨੌਜਵਾਨ ਕਿਸਾਨਾਂ ਖ਼ਿਲਾਫ਼ ਦਿੱਲੀ ਪੁਲਿਸ ਨੂੰ ਕਾਰਵਾਈ ਕਰਨ ਦੀ ਇਜ਼ਾਜਤ ਦਿੱਤੀ ਹੈ।

ਮਾਨ ਨੇ  ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਡਰਿਆ, ਹਾਰਿਆ ਅਤੇ ਅਸਫ਼ਲ ਮੁੱਖ ਮੰਤਰੀ ਹੈ, ਜਿਸ ਨੇ ਪੰਜਾਬ ਦੇ ਸੰਵਿਧਾਨ ਹੱਕਾਂ ਦੀ ਕਦੇਂ ਦ੍ਰਿੜਤਾ ਨਾਲ ਰੱਖਿਆ ਨਹੀਂ ਕੀਤੀ। ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ  ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਮਾਰਨ ਦੀ ਮੋਦੀ ਦੀ ਨੀਤੀ ਲੋਕਤੰਤਰ ਲਈ ਖ਼ਤਰਨਾਕ ਹੈ। ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਅਨੇਕਾਂ ਤਰ੍ਹਾਂ ਦੇ ਵਾਅਦੇ ਕੀਤੇ ਸਨ

ਪ੍ਰੰਤੂ ਹੁਣ ਉਹ ਆਪਣੇ ਪਰਿਵਾਰ ਨੂੰ ਈਡੀ ਦੇ ਕੇਸਾਂ ਤੋਂ ਬਚਾਉਣ ਲਈ ਕੇਂਦਰ ਨਾਲ ਮਿਲ ਕੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨਾਲ ਖੜੇ ਹਨ ਤਾਂ ਗੈਰਕਾਨੂੰਨੀ ਢੰਗ ਨਾਲ ਦਿੱਲੀ ਪੁਲਿਸ ਵੱਲੋਂ ਪੰਜਾਬ ਵਿੱਚ ਦਾਖਲ ਹੋ ਕੇ ਨੌਜਵਾਨਾਂ ਅਤੇ ਹੋਰ ਵਰਗਾਂ 'ਤੇ ਕੀਤੀ ਕੁੱਟਮਾਰ ਖਿਲਾਫ ਮੁਕੱਦਮਾ ਦਰਜ ਕਰਵਾਉਣ।