ਅੱਠ ਮਜ਼ਦੂਰ ਜਥੇਬੰਦੀਆਂ ਵਲੋਂ ਮਜ਼ਦੂਰਾਂ ਨੂੰ ਭਾਜਪਾ ਦੇ ਸਮਾਗਮਾਂ ਦੇ ਬਾਈਕਾਟ ਦੀ ਅਪੀਲ
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਅਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਡਾਕਟਰ ਭੀਮ ਰਾਉ ਅੰਬੇਡਕਰ ਪ੍ਰਤੀ ਨਕਲੀ ਹੇਜ ਵਿਖਾ ਰਹੀ ਹੈ
ਚੰਡੀਗੜ੍ਹ (ਭੁੱਲਰ): ਹਰਿਆਣਾ ਦੀ ਭਾਜਪਾ ਸਰਕਾਰ ਵਲੋਂ 14 ਅਪ੍ਰੈਲ ਨੂੰ ਸੂਬੇ ਭਰ ਵਿਚ ਅਬੰਡੇਕਰ ਜੈਯੰਤੀ ਮਨਾਉਣ ਦੇ ਨਾਂ ਹੇਠ ਕਿਸਾਨਾਂ ਤੇ ਮਜ਼ਦੂਰਾਂ/ਦਲਿਤਾਂ ਵਿਚ ਟਕਰਾਅ ਕਰਵਾਉਣ ਰਾਹੀਂ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਸੰਘਰਸ਼ ਨੂੰ ਢਾਹ ਲਾਉਣ ਵਾਲੇ ਪੈਂਤੜੇ ਦੀ ਨਿਖੇਧੀ ਕਰਦਿਆਂ ਪੰਜਾਬ ਦੀਆਂ ਅੱਠ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਮੂਹ ਮਜ਼ਦੂਰਾਂ ਤੇ ਦਲਿਤ ਭਾਈਚਾਰੇ ਨੂੰ ਭਾਜਪਾਈ ਹਾਕਮਾਂ ਦੇ ਖੋਟੇ ਮਨਸੂਬਿਆਂ ਨੂੰ ਪਛਾੜਨ ਲਈ ਇਨ੍ਹਾਂ ਸਰਕਾਰੀ ਸਮਾਗਮਾਂ ਦੇ ਬਾਈਕਾਟ ਦੀ ਅਪੀਲ ਕੀਤੀ ਹੈ।
ਅੱਠ ਮਜ਼ਦੂਰ ਜਥੇਬੰਦੀਆਂ ’ਤੇ ਆਧਾਰਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦਸਿਆ ਕਿ ਇਹ ਅਪੀਲ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਆਦਿ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਅਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਡਾਕਟਰ ਭੀਮ ਰਾਉ ਅੰਬੇਡਕਰ ਪ੍ਰਤੀ ਨਕਲੀ ਹੇਜ ਵਿਖਾ ਰਹੀ ਹੈ ਜਦੋਂ ਕਿ ਉਹ ਅਪਣੀ ਵਿਚਾਰਧਾਰਾ ਤੇ ਅਮਲਾਂ ਪੱਖੋਂ ਡਾਕਟਰ ਭੀਮ ਰਾਉ ਅੰਬੇਡਕਰ ਅਤੇ ਦਲਿਤ ਸਮਾਜ ਦੀ ਕੱਟੜ ਦੁਸ਼ਮਣ ਹੈ।
ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਮਜ਼ਦੂਰ, ਕਿਸਾਨ ਤੇ ਦੇਸ਼ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਤੇ ਲੋਕਾਂ ਵਿਚ ਭਾਰੀ ਰੋਹ ਕਾਰਨ ਖੱਟਰ ਸਰਕਾਰ ਜਨਤਕ ਸਮਾਗਮ ਕਰਨ ਲਈ ਤਰਸ ਰਹੀ ਹੈ ਅਤੇ ਹੁਣ ਅੰਬੇਡਕਰ ਜੈਯੰਤੀ ਦੇ ਬਹਾਨੇ ਉਹ ਇਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੀ ਹੈ।
ਉਨ੍ਹਾਂ ਆਖਿਆ ਕਿ ਖੱਟਰ ਸਰਕਾਰ ਅੰਬੇਡਕਰ ਜੈਅੰਤੀ ਦੇ ਨਾਂ ਹੇਠ ਇਕ ਹੱਥ ਦਲਿਤ ਭਾਈਚਾਰੇ ਨੂੰ ਪਤਿਆਉਣਾ ਚਾਹੁੰਦੀ ਹੈ ਅਤੇ ਦੂਜੇ ਹੱਥ ਭਾਜਪਾ ਸਰਕਾਰ ਦਾ ਹੱਕੀ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਲਿਤ ਤੇ ਅੰਬੇਡਕਰ ਵਿਰੋਧੀ ਗਰਦਾਨਕੇ ਮਜ਼ਦੂਰਾਂ ਕਿਸਾਨਾਂ ਵਿਚ ਟਕਰਾਅ ਪੈਦਾ ਕਰਨ ਰਾਹੀਂ ਮਜ਼ਦੂਰਾਂ ਕਿਸਾਨਾਂ ਵਿਚ ਵੰਡੀਆਂ ਪਾਉਣਾ ਚਾਹੁੰਦੀ ਹੈ।