ਭਾਰਤ ਕੋਰੋਨਾ ਪੀੜਤਾਂ ਦੇ ਮਾਮਲੇ ’ਚ ਬ੍ਰਾਜ਼ੀਲ ਨੂੰ ਪਿੱਛੇ ਛੱਡ ਦੂਜੇ ਸਥਾਨ ’ਤੇ ਪੁੱਜਾ--ਅਮਰੀਕਾ ਨੂੰ
ਭਾਰਤ ਕੋਰੋਨਾ ਪੀੜਤਾਂ ਦੇ ਮਾਮਲੇ ’ਚ ਬ੍ਰਾਜ਼ੀਲ ਨੂੰ ਪਿੱਛੇ ਛੱਡ ਦੂਜੇ ਸਥਾਨ ’ਤੇ ਪੁੱਜਾ--ਅਮਰੀਕਾ ਨੂੰ ਪਛਾੜ ਪਹਿਲੇ ਸਥਾਨ ਤੇ ਆਉਣਾ ਹੀ ਬਾਕੀ
ਦੇਸ਼ ’ਚ ਕੋਰੋਨਾ ਦੇ ਇਕ ਦਿਨ ’ਚ ਆਏ ਰੀਕਾਰਡ 1.68 ਲੱਖ ਨਵੇਂ ਮਾਮਲੇ
ਨਵੀਂ ਦਿੱਲੀ, 12 ਅਪ੍ਰੈਲ : ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਦੇ ਮਾਮਲੇ ’ਚ ਬ੍ਰਾਜ਼ੀਲ ਨੂੰ ਪਿੱਛੇ ਛਡਦੇ ਹੋਏ ਭਾਰਤ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਅਮਰੀਕਾ ਦੇ ਜਾਨ ਹਾਪਕਿਨਜ਼ ਯੂਨੀਵਰਸਿਟੀ (ਜੇਐਚਯੂ) ਦੇ ਅੰਕੜਿਆਂ ਮੁਤਾਬਕ ਪੀੜਤਾਂ ਦੀ ਗਿਣਤੀ ਦੇ ਮਾਮਲੇ ’ਚ ਭਾਰਤ ਬ੍ਰਾਜ਼ੀਲ ਤੋਂ ਅੱਗੇ ਨਿਕਲ ਗਿਆ ਹੈ। ਬ੍ਰਾਜ਼ੀਲ ’ਚ ਕੋਵਿਡ 19 ਦੇ ਹੁਣ ਤਕ 1,34,82,023 ਮਾਮਲੇ ਆਏ ਹਨ। ਅਮਰੀਕਾ ’ਚ ਸੱਭ ਤੋਂ ਵੱਧ 3,1198,055 ਮਾਮਲੇ ਆਏ ਹਨ ਜਦਕਿ ਦੁਨੀਆਂ ਭਰ ਤੋਂ ਹੁਣ ਤਕ ਲਾਗ ਦੇ 13,61,954 ਮਾਮਲੇ ਆਏ ਹਨ।
ਭਾਰਤ ’ਚ ਹੁਣ ਤਕ ਸੱਭ ਤੋਂ ਵੱਧ 1,68,912 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ 1,35,27,717 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ। ਦੇਸ਼ ’ਚ ਕੋਰੋਨਾ ਪੀੜਤ ਲੋਕਾਂ ਦੇ ਸਿਹਤਮੰਦ ਹੋਣ ਦੀ ਦਰ 90 ਫ਼ੀ ਸਦੀ ਤੋਂ ਵੀ ਘੱਟ ਰਹਿ ਗਈ ਹੈ। ਅੰਕੜਿਆਂ ਵਿਚ ਦਸਿਆ ਗਿਆ ਹੈ ਕਿ ਦੇਸ਼ ’ਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਵੱਧ ਹੋ ਗਈ ਹੈ ਅਤੇ 904 ਹੋਰ ਲੋਕਾਂ ਦੀ ਮੌਤ ਹੋਣ ਮਗਰੋਂ ਹੁਣ ਤਕ ਮਾਰੇ ਗਏ ਲੋਕਾਂ ਦੀ ਕੁਲ ਗਿਣਤੀ 1,70,179 ਹੋ ਗਈ ਹੈ। ਅੰਕੜਿਆਂ ਮੁਤਾਬਕ ਇਸ ਬੀਮਾਰੀ ਤੋਂ ਹੁਣ ਤਕ 1,21,56,529 ਲੋਕ ਠੀਕ ਹੋ ਚੁੱਕੇ ਹਨ, ਜਦਕਿ ਮੌਤ ਦਰ 1,26 ਫ਼ੀ ਸਦੀ ਹੈ। (ਪੀ.ਟੀ.ਆਈ)
ਭਾਰਤੀ ਆਯੂਵਿਗਿਆਨ ਖੋਜ ਪਰੀਸ਼ਦ ਮੁਤਾਬਕ 11 ਅਪ੍ਰੈਲ 2021 ਤਕ 25,78,06,986 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 11,80,136 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਟੀਕਾਕਰਨ ਦੀ ਗੱਲ ਕਰੀਏ ਤਾਂ ਦੇਸ਼ ’ਚ ਹੁਣ 10,45,28,565 ਲੋਕਾਂ ਨੂੰ ਕੋਰੋਨਾ ਵੈਕਸੀਨੀ ਲਗਾਈ ਜਾ ਚੁੱਕੀ ਹੈ। (ਏਜੰਸੀ)