ਸ਼ੰਭੂ ਪੁਲਿਸ ਨੇ ਦੂਸਰੇ ਰਾਜਾਂ ਤੋਂ ਕਣਕ ਲਿਆ ਰਹੇ ਟਰੱਕ ਕੀਤੇ ਕਾਬੂ
ਟਰੱਕ ਕੁਰਾਲੀ ਲਿਜਾਏ ਜਾ ਰਹੇ ਸਨ ਉਹ ਰੋਕੇ ਗਏ ਜਿਸ ਵਿਚ ਅਣਅਧਿਕਾਰਤ ਕਣਕ ਲੋਡ ਕੀਤੀ ਹੋਈ ਸੀ।
ਘਨੌਰ (ਸਰਦਾਰਾ ਸਿੰਘ ਲਾਛੜੂ) : ਸ਼ੰਭੂ ਪੁਲਿਸ ਨੇ ਦੂਸਰੇ ਰਾਜਾਂ ਤੋਂ ਕਣਕ ਲੈ ਕੇ ਆ ਰਹੇ ਚਾਰ ਟਰੱਕਾਂ ਨੂੰ ਰੋਕ ਕੇ ਉਨ੍ਹਾਂ ਦੀਆਂ ਬਿਲ ਬਿਲਟੀਆਂ ਦੀ ਵੈਰੀਫ਼ਕੇਸ਼ਨ ਲਈ ਮਾਰਕੀਟ ਕਮੇਟੀ ਨੂੰ ਦੇ ਦਿਤੀਆਂ ਹਨ। ਇਸ ਮੌਕੇ ਬਾਰਡਰ ’ਤੇ ਮੌਜੂਦ ਡੀ.ਐਸ.ਪੀ ਜਸਵਿੰਦਰ ਸਿੰਘ ਟਿਵਾਣਾ ਨੇ ਦਸਿਆ ਕਿ ਸ਼ੰਭੂ ਪੁਲਿਸ ਦੇ ਮੁੱਖ ਅਫ਼ਸਰ ਗੁਰਮੀਤ ਸਿੰਘ ਵਲੋਂ ਸ਼ੰਭੂ ਬਾਰਡਰ ਤੇ ਚਾਰ ਟਰੱਕ ਜੋ ਕਿ ਯੂ ਪੀ ਇਟਵਾ, ਯੂ ਪੀ, ਲਖਨਊ, ਪੀਲੀਭੀਤ ਤੋਂ ਲੋਡ ਕਰ ਕੇ ਲਿਆ ਰਹੇ ਸਨ ਜੋ ਪਠਾਨਕੋਟ, ਮੋਗਾ, ਕੁਰਾਲੀ ਲੈ ਕੇ ਜਾ ਰਹੇ ਸਨ ਉਹ ਰੋਕੇ ਗਏ ਜਿਸ ਵਿਚ ਅਣਅਧਿਕਾਰਤ ਕਣਕ ਲੋਡ ਕੀਤੀ ਹੋਈ ਸੀ।
ਪੁਲਿਸ ਨੇ ਚਾਰੇ ਟਰੱਕ ਕਾਬੂ ਕਰ ਕੇ ਡਰਾਈਵਰ ਭੋਪਾਲ ਸਿੰਘ ਵਾਸੀ ਰਾਜਸਥਾਨ, ਵਰਿੰਦਰ ਸਿੰਘ ਵਾਸੀ ਲੁਧਿਆਣਾ, ਦਵਿੰਦਰ ਸਿੰਘ ਵਾਸੀ ਮੋਗਾ, ਸਾਹਿਬ ਸਿੰਘ ਵਾਸੀ ਰਾਜਪੁਰਾ ਤੋਂ ਜਾਂਚ ਸ਼ੁਰੂ ਕਰ ਦਿਤੀ ਹੈ। ਡੀ.ਐਸ.ਪੀ ਟਿਵਾਣਾ ਨੇ ਦਸਿਆ ਕਿ ਜਿਥੇ ਇਸ ਤਰ੍ਹਾਂ ਟਰੱਕ ਕਾਬੂ ਕਰਨ ਨਾਲ ਦੂਸਰੇ ਹੋਰ ਲੋਕ ਵੀ ਅਜਿਹਾ ਕਰਨ ਤੋਂ ਡਰਨਗੇ ਅਤੇ ਪੰਜਾਬ ਸਰਕਾਰ ਨੂੰ ਵੀ ਜੋ ਇਸ ਤਰ੍ਹਾਂ ਦੇ ਲੋਕ ਟੈਕਸ ਦਾ ਚੂਨਾ ਲਗਾਉਂਦੇ ਹਨ
ਉਹ ਵੀ ਬਚੇਗਾ ਕਿਉਂਕਿ ਇਸ ਤਰ੍ਹਾਂ ਦਾ ਗੋਰਖ ਧੰਦਾ ਪਿਛਲੇ ਕਾਫ਼ੀ ਸਮੇਂ ਤੋਂ ਇਸ ਤਰ੍ਹਾਂ ਦੇ ਲੋਕ ਕਰ ਰਹੇ ਹਨ। ਇਸ ਤੋਂ ਇਲਾਵਾ ਬਾਹਰਲੇ ਰਾਜਾ ਤੋਂ ਜੇ ਕਣਕ ਪੰਜਾਬ ਵਿਚ ਨਹੀਂ ਆਉਣ ਦਿਤੀ ਜਾਵੇਗੀ ਤਾਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀ ਕਣਕ ਖ਼ਰੀਦਣ ਅਤੇ ਉਨ੍ਹਾਂ ਨੂੰ ਪੈਸੇ ਦੇਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।