ਸੁਨੀਲ ਜਾਖੜ ਵਿਰੁਧ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ, ਜਾਰੀ ਹੋਇਆ ਕਾਰਨ ਦੱਸੋ ਨੋਟਿਸ

ਏਜੰਸੀ

ਖ਼ਬਰਾਂ, ਪੰਜਾਬ

ਸੁਨੀਲ ਜਾਖੜ ਵਿਰੁਧ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ, ਜਾਰੀ ਹੋਇਆ ਕਾਰਨ ਦੱਸੋ ਨੋਟਿਸ

image

ਨਵੀਂ ਦਿੱਲੀ, 11 ਅਪ੍ਰੈਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸ ਅਨੁਸਾਸਨੀ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ। ਕਾਂਗਰਸ ਪਾਰਟੀ ਦੀ ਅਨੁਸਾਸਨੀ ਕਮੇਟੀ ਨੇ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਿਰੁਧ ਦਰਜ ਸ਼ਿਕਾਇਤਾਂ ਦੀ ਸੁਣਵਾਈ ਕੀਤੀ। ਕਮੇਟੀ ਨੇ ਸੁਨੀਲ ਜਾਖੜ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ, ਜਿਸ ਦਾ ਉਨ੍ਹਾਂ ਨੂੰ 7 ਦਿਨਾਂ ਵਿਚ ਜਵਾਬ ਦੇਣਾ ਹੋਵੇਗਾ।
ਦਸ ਦੇਈਏ ਕਿ ਜਾਖੜ ਨੂੰ ਇਹ ਨੋਟਿਸ ‘ਦਲਿਤ ਵਿਰੋਧੀ ਬਿਆਨ’ ਦੇਣ ਲਈ ਜਾਰੀ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ’ਤੇ ਦਲਿਤਾਂ ਦੇ ਅਪਮਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ, ਜਿਸ ਦੇ ਚਲਦਿਆਂ ਕਈ ਆਗੂਆਂ ਵਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। 
ਕਾਂਗਰਸ ਦੇ ਸੂਤਰਾਂ ਨੇ ਦਸਿਆ ਹੈ ਕਿ ਚੋਣਾਂ ਤੋਂ ਪਹਿਲਾਂ ਅਤੇ ਇਸ ਦੌਰਾਨ ਕੀਤੇ ਗਏ ਟਵੀਟ, ਬਿਆਨਾਂ ਅਤੇ ਇੰਟਰਵਿਊਜ਼ ਵਿਚ ਜਾਖੜ ਨੇ ਕਾਂਗਰਸ ਜਾਂ ਇਸ ਦੇ ਨੇਤਾਵਾਂ ਵਿਰੁਧ ਕੀ-ਕੀ ਬੋਲਿਆ, ਇਸ ਦਾ ਸਾਰਾ ਰਿਕਾਰਡ ਇਕੱਠਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਰਲ ਦੇ ਸੀਨੀਅਰ ਨੇਤਾ ਕੇਵੀ ਥਾਮਸ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਇਕ ਹਫ਼ਤੇ ਵਿਚ ਜਵਾਬ ਮੰਗਿਆ ਗਿਆ ਹੈ। ਹਾਈਕਮਾਂਡ ਦੀ ਰੋਕ ਦੇ ਬਾਵਜੂਦ ਸੀਪੀਐਮ ਦੇ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਕੇਵੀ ਥਾਮਸ ਨੂੰ ਨੋਟਿਸ ਜਾਰੀ ਕੀਤਾ ਗਿਆ। (ਏਜੰਸੀ)