ਦਿੱਲੀ ਸਰਕਾਰ ’ਚ ਮੰਤਰੀ ਸਤੇਂਦਰ ਜੈਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭਾਜਪਾ ਦਾ ਪ੍ਰਦਰਸ਼ਨ
ਦਿੱਲੀ ਸਰਕਾਰ ’ਚ ਮੰਤਰੀ ਸਤੇਂਦਰ ਜੈਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭਾਜਪਾ ਦਾ ਪ੍ਰਦਰਸ਼ਨ
ਨਵੀਂ ਦਿੱਲੀ, 11 ਅਪ੍ਰੈਲ : ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਸੋਮਵਾਰ ਨੂੰ ਇਥੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ’ਚ ਮੰਤਰੀ ਸਤੇਂਦਰ ਜੈਨ ਦੇ ਅਸਤੀਫ਼ੇ ਦੀ ਮੰਗ ਕੀਤੀ।
ਦਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਜੈਨ ਅਤੇ ਉਸ ਦੇ ਪ੍ਰਵਾਰ ਦੇ ਕੰਟਰੋਲ ਵਾਲੀਆਂ ਜਾਂ ਮਾਲਕੀ ਵਾਲੀਆਂ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਪ੍ਰਦਰਸ਼ਨ ਦੌਰਾਨ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੈਨ ਦੇ ‘ਭਿ੍ਰਸ਼ਟਾਚਾਰ’ ’ਚ ਸ਼ਾਮਲ ਹੋਣ ਤੋਂ ਜਾਣੂ ਸਨ, ਫਿਰ ਵੀ ਉਨ੍ਹਾਂ ਨੇ ਇਸ ’ਤੇ ਚੁੱਪ ਧਾਰੀ ਰੱਖੀ। ਭਾਜਪਾ ਦੇ ਇਸ ਦੋਸ਼ ’ਤੇ ‘ਆਪ’ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਤੋਂ ਪਹਿਲਾਂ ‘ਆਪ’ ਨੇ ਕਿਹਾ ਸੀ ਕਿ ਜੈਨ ਇਕ ‘ਬਹੁਤ ਹੀ ਇਮਾਨਦਾਰ ਵਿਅਕਤੀ’ ਹਨ ਅਤੇ ਅਦਾਲਤ ਦੁਆਰਾ ਉਨ੍ਹਾਂ ਵਿਰੁਧ ਕੇਸ ਖ਼ਾਰਜ ਕਰ ਦਿਤਾ ਜਾਵੇਗਾ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫ਼ਰਵਰੀ ’ਚ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸੂਤਰਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਜੈਨ ਨੂੰ ਗਿ੍ਰਫ਼ਤਾਰ ਕਰਨ ਵਾਲਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਸੀ ਕਿ ਚੋਣਾਂ ’ਚ ਹਾਰ ਦੀਆਂ ਸੰਭਾਵਨਾਵਾਂ ਵਧ ਹੋਣ ਤੋਂ ਬਾਅਦ ਭਾਜਪਾ ਆਮ ਆਦਮੀ ਪਾਰਟੀ (ਆਪ) ਨੂੰ ਨਿਸ਼ਾਨਾ ਬਣਾ ਰਹੀ ਹੈ। (ਏਜੰਸੀ)