ਪੰਜਾਬ ਨਵੀਨਤਮ ਵਿਚਾਰਾਂ ਅਤੇ ਸਟਾਰਟਅੱਪਸ ਦੇ ਕੇਂਦਰ ਵਜੋਂ ਉੱਭਰ ਰਿਹੈ: ਅਮਨ ਅਰੋੜਾ

ਏਜੰਸੀ

ਖ਼ਬਰਾਂ, ਪੰਜਾਬ

ਰੋਜ਼ਗਾਰ ਉਤਪਤੀ ਮੰਤਰੀ ਨੇ "ਵਟ ਐਨ ਆਈਡੀਆ- ਸਟਾਰਟਅੱਪ ਚੈਲੇਂਜ" ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ

photo

 

ਚੰਡੀਗੜ੍ਹ : ਪੰਜਾਬ ਨੂੰ ਨਵੀਨਤਮ ਵਿਚਾਰਾਂ ਅਤੇ ਸਟਾਰਟਅੱਪਸ ਦਾ ਧੁਰਾ ਬਣਾਉਣ ਸਬੰਧੀ ਮੁੱਖ ਮੰਤਰੀ ਸ.ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ‘ਚ ਰਹਿੰਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਢੁਕਵਾਂ ਮਾਹੌਲ ਵਿਕਸਿਤ ਕੀਤਾ ਜਾ ਰਿਹਾ ਹੈ।

ਉਹ ਅਮਿਟੀ ਯੂਨੀਵਰਸਿਟੀ, ਐਸ.ਏ.ਐਸ.ਨਗਰ (ਮੋਹਾਲੀ) ਦੇ ਆਡੀਟੋਰੀਅਮ ਹਾਲ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿਥੇ ਜ਼ਿਲ੍ਹਾ ਪ੍ਰਸ਼ਾਸਨ, ਐਸ.ਏ.ਐਸ.ਨਗਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ ਦੇ ਸਹਿਯੋਗ ਨਾਲ ਇੱਥੇ "ਵਟ ਐਨ ਆਈਡੀਆ! ਸਟਾਰਟਅੱਪ ਚੈਲੇਂਜ" ਦਾ ਗ੍ਰੈਂਡ ਫਿਨਾਲੇ ਕਰਾਇਆ ਗਿਆ ਸੀ।  

ਗ੍ਰੈਂਡ ਫਿਨਾਲੇ ਦੇ ਜੇਤੂਆਂ ਨੂੰ ਪ੍ਰੇਰਿਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਮਹਿਜ਼ ਇੱਕ ਸ਼ੁਰੂਆਤ ਹੈ ਅਤੇ ਉਨ੍ਹਾਂ ਦੇ ਨਿਵੇਕਲੇ ਤੇ ਕੀਮਤੀ ਵਿਚਾਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਵੱਡੀਆਂ ਉੱਚਾਈਆਂ ਤੱਕ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਵੱਡੇ ਟੀਚਿਆਂ ਦੀ ਪ੍ਰਾਪਤੀ ਲਈ ਇਹ ਸਿਰਫ਼ ਅੱਗੇ ਵਧਣ ਦਾ ਇੱਕ ਪਲੇਟਫਾਰਮ ਹੈ।

ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼, ਸਥਾਨਕ ਆਬਾਦੀ ਅਤੇ ਵਿਦਿਆਰਥੀਆਂ ਨੂੰ ਕਾਰੋਬਾਰ ਸਬੰਧੀ ਆਪਣੇ ਨਵੀਨਤਮ ਵਿਚਾਰਾਂ ਨੂੰ ਪੇਸ਼ ਕਰਨ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨਾ ਸੀ।

ਅਮਨ ਅਰੋੜਾ ਨੇ ਇਨੋਵੇਟਿਵ ਸਟਾਰਟਅੱਪ ਆਈਡੀਆਜ਼ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਵਿਦਿਆਰਥੀ ਵਰਗ ਵਿੱਚ 'ਡਿਜੀਟਲ ਚੌਕੀਦਾਰ' ਪ੍ਰਾਜੈਕਟ ਲਈ ਰਜਤ ਨਾਰੰਗ ਨੂੰ 50,000/- ਰੁਪਏ ਦਾ ਪਹਿਲਾ ਇਨਾਮ, ਕੌਸ਼ਲ ਮਲਹੋਤਰਾ ਨੇ 'ਐਰੋਜਨ' ਸਟਾਰਟਅੱਪ ਪ੍ਰਾਜੈਕਟ ਲਈ 30,000/- ਰੁਪਏ ਦਾ ਦੂਜਾ ਇਨਾਮ ਅਤੇ ਜਸਪ੍ਰੀਤ ਕੌਰ ਨੇ ਸਟੱਬਲ ਦੀ ਨਵੀਨਤਮ ਵਰਤੋਂ ਦੇ ਪ੍ਰਾਜੈਕਟ ਲਈ 20000/- ਰੁਪਏ ਦਾ ਤੀਜਾ ਇਨਾਮ ਜਿੱਤਿਆ।  

ਓਪਨ ਵਰਗ ਵਿੱਚ ਡਾ. ਗੌਰੀ ਜੈਮੁਰੂਗਨ ਨੇ ਬਾਇਓ-ਸਨਸਕ੍ਰੀਨ ਦੇ ਸਟਾਰਟਅੱਪ ਪ੍ਰਾਜੈਕਟ ਲਈ 50000/- ਰੁਪਏ ਦਾ ਪਹਿਲਾ ਇਨਾਮ, ਗੌਰਵ ਬਾਲੀ ਨੇ ਕੇਅਰਵੈੱਲ360 ਦੇ ਸਟਾਰਟਅੱਪ ਪ੍ਰਾਜੈਕਟ ਲਈ 30,000/- ਰੁਪਏ ਦਾ ਦੂਜਾ ਇਨਾਮ ਅਤੇ ਸਾਸਵਤ ਪਟਨਾਇਕ ਨੇ ਰੈਸਨੋਟ  ਸਟਾਰਟਅੱਪ ਪ੍ਰਾਜੈਕਟ ਲਈ 20,000/- ਦਾ ਤੀਜਾ ਇਨਾਮ ਜਿੱਤਿਆ।

ਇਸ ਤੋਂ ਇਲਾਵਾ ਹਰਮਨਜੋਤ ਕੌਰ ਅਤੇ ਉਸਦੀ ਟੀਮ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਜਾਤੜੀ ਦੇ ਵਿਦਿਆਰਥੀਆਂ) ਨੂੰ ਉਹਨਾਂ ਦੇ ਵਿਲੱਖਣ ਵਿਚਾਰ “ਪੜ੍ਹਾਈ ਦੀ ਜ਼ਿੱਦ”,  ਜੋ ਉਨ੍ਹਾਂ ਨੇ ਲੋੜਵੰਦ ਵਰਗ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸ਼ੁਰੂ ਕੀਤਾ ਹੈ, ਲਈ 8,000/- ਰੁਪਏ ਦਾ ਵਿਸ਼ੇਸ਼ ਕੰਸੋਲੇਸ਼ਨ ਇਨਾਮ ਦਿੱਤਾ ਗਿਆ।

ਫਾਈਨਲ ਮੁਕਾਬਲੇ ਦਾ ਨਿਰਣਾ ਜੁਆਇੰਟ ਡਾਇਰੈਕਟਰ ਪੀ.ਐਸ.ਸੀ.ਐਸ.ਟੀ. ਡਾ. ਦਪਿੰਦਰ ਬਖਸ਼ੀ, ਸੀਨੀਅਰ ਕੰਸਲਟੈਂਟ ਇਨਵੈਸਟ ਪੰਜਾਬ ਸ੍ਰੀ ਅੰਕੁਰ ਕੁਸ਼ਵਾਹਾ, ਟਾਈਨਰ ਆਰਥੋਟਿਕਸ ਦੇ ਸ੍ਰੀ ਪਾਰਸ ਬਾਫਨਾ, ਸੀਈਓ ਜੇ.ਏ.ਐਲ. ਸ੍ਰੀ ਬੀ.ਐਸ. ਆਨੰਦ, ਮਿਸ਼ਨ ਡਾਇਰੈਕਟਰ-ਕਮ-ਸੀ.ਈ.ਓ. ਇਨੋਵੇਸ਼ਨ ਮਿਸ਼ਨ, ਪੰਜਾਬ ਸ੍ਰੀ ਸੋਮਵੀਰ ਆਨੰਦ ਅਤੇ ਏਂਜਲਸ ਨੈੱਟਵਰਕ ਦੇ ਚੰਡੀਗੜ੍ਹ ਓਪਰੇਸ਼ਨਜ਼ ਦੇ ਮੁਖੀ ਸ਼੍ਰੀਮਤੀ ਨੀਤਿਕਾ ਖੁਰਾਣਾ ਦੇ ਜਿਊਰੀ ਪੈਨਲ ਵੱਲੋਂ ਦਿੱਤਾ ਗਿਆ।

ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ ਦੇ ਸੀ.ਈ.ਓ. ਅਵਨੀਤ ਕੌਰ, ਏ.ਡੀ.ਸੀ.(ਜੀ), ਅਮਨਿੰਦਰ ਕੌਰ ਬਰਾੜ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ ਸ੍ਰੀਮਤੀ ਮਿਨਾਕਸ਼ੀ ਗੋਇਲ ਅਤੇ ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ, ਮੋਹਾਲੀ ਚੈਂਬਰਜ਼ ਆਫ ਇੰਡਸਟਰੀਜ਼ ਐਂਡ ਕਾਮਰਸ, ਚਨਾਲੋ ਇੰਡਸਟਰੀਅਲ ਐਸੋਸੀਏਸ਼ਨ ਅਤੇ ਚੀਮਾ ਬੋਆਇਲਜ਼ ਦੇ ਪ੍ਰਧਾਨ ਆਪਣੀਆਂ ਟੀਮਾਂ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋਏ।