Punjab News: ਭੰਗੜਾ ਪਾਉਂਦਿਆਂ ਦਸਤਾਰ ਉਤਾਰ ਕੇ ਸਟੇਜ 'ਤੇ ਰੱਖਣ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ, ਪੜ੍ਹੋ ਕੀ ਕਿਹਾ 

ਏਜੰਸੀ

ਖ਼ਬਰਾਂ, ਪੰਜਾਬ

ਗੁਰਦੁਆਰਾ ਸਾਹਿਬ ਜਾ ਕੇ ਸਿੱਖ ਕੌਮ ਤੋਂ ਭੁੱਲ ਬਖਸ਼ਾਈ 

File Photo

 

Punjab News: ਚੰਡੀਗੜ੍ਹ -  ਅੰਮ੍ਰਿਤਸਰ ਦੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਭੰਗੜਾ ਪਾਉਂਦੇ ਨੌਜਵਾਨ ਵੱਲੋਂ ਉਤਾਰੀ ਗਈ ਪੱਗ ਦਾ ਮੁੱਦਾ ਗਰਮਾ ਗਿਆ ਹੈ ਜਿਸ ਤੋਂ ਬਾਅਦ ਨੌਜਵਾਨ ਦੀ ਵੀਡੀਓ ਵਾਇਰਲ ਹੋ ਗਈ ਅਤੇ ਵਿਵਾਦ ਸ਼ੁਰੂ ਹੋ ਗਿਆ। ਕੁਝ ਲੋਕ ਇਸ ਨੂੰ ਸਹੀ ਕਹਿ ਰਹੇ ਹਨ ਜਦਕਿ ਕੁਝ ਇਸ ਨੂੰ ਦਸਤਾਰ ਦਾ ਅਪਮਾਨ ਦੱਸ ਰਹੇ ਹਨ। ਫਿਲਹਾਲ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜਸ਼ਨ 2024 ਮਨਾਇਆ ਗਿਆ, ਜਿਸ ਵਿਚ ਭੰਗੜੇ ਦਾ ਪ੍ਰਗਰਾਮ ਵੀ ਪੇਸ਼ ਕੀਤਾ ਗਿਆ ਦਰਅਸਲ ਭੰਗੜਾ ਪਾਉਂਦੇ ਸਮੇਂ ਸਟੇਜ 'ਤੇ ਇਕ ਨੌਜਵਾਨ ਦੀ ਪੱਗ ਢਿੱਲੀ ਹੋ ਗਈ ਸੀ ਤੇ ਉਸ ਨੇ ਨੱਚਦੇ ਹੋਏ ਦੋ ਵਾਰ ਪੱਗ ਨੂੰ ਠੀਕ ਕੀਤਾ, ਪਰ ਜਦੋਂ ਇਹ ਦੁਬਾਰਾ ਢਿੱਲੀ ਹੋ ਗਈ ਤਾਂ ਉਸ ਨੇ ਇਸ ਦੇ ਉਤਰਨ ਤੋਂ ਪਹਿਲਾਂ ਹੀ ਇਸ ਨੂੰ ਉਤਾਰ ਕੇ ਸਟੇਜ 'ਤੇ ਰੱਖ ਦਿੱਤਾ। ਪੱਗ ਉਤਾਰਨ ਤੋਂ ਬਾਅਦ, ਉਸ ਨੇ ਸਤਿਕਾਰ ਨਾਲ ਪੱਗ ਨੂੰ ਸਟੇਜ ਦੇ ਬਿਲਕੁਲ ਸਾਹਮਣੇ ਰੱਖ ਦਿੱਤਾ ਅਤੇ ਆਪਣੀ ਪੇਸ਼ਕਾਰੀ ਜਾਰੀ ਰੱਖੀ। 

ਜਦੋਂ ਨੌਜਵਾਨ ਨੇ ਭੰਗੜਾ ਪਾਉਂਦੇ ਹੋਏ ਆਪਣੀ ਪੱਗ ਉਤਾਰੀ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਦਰਸ਼ਕਾਂ ਨੇ ਤਾੜੀਆਂ ਮਾਰ ਕੇ ਨੌਜਵਾਨ ਦਾ ਹੌਂਸਲਾ ਵਧਾਇਆ। ਇਸ ਦੌਰਾਨ ਇਹ ਘਟਨਾ ਕਈ ਵਿਦਿਆਰਥੀਆਂ ਦੇ ਮੋਬਾਈਲਾਂ ਵਿਚ ਕੈਦ ਹੋ ਗਈ। ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ।   

ਪਰ ਹੁਣ ਨੌਜਵਾਨ ਨਰੈਣ ਸਿੰਘ ਨੇ ਗੁਰੂ ਘਰ ਨਤਮਸਤਕ ਹੋ ਕੇ ਮੁਆਫ਼ੀ ਵੀ ਮੰਗ ਲਈ ਹੈ। ਫੇਸਬੁੱਕ 'ਤੇ ਇਕ ਪੋਸਟ ਵਿਚ ਨੌਜਵਾਨ ਬਾਰੇ ਲਿਖਿਆ ਗਿਆ ਕਿ ਕੱਲ੍ਹ ਨੌਜਵਾਨ ਦੇ ਪਰਿਵਾਰ ਵਲੋਂ ਵਿਦਿਆਰਥੀ ਸੱਥ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਨੌਜਵਾਨ ਦਾ ਪਰਿਵਾਰ ਅੰਮ੍ਰਿਤਧਾਰੀ ਹੈ। ਉਹਨਾਂ ਆਪਣੇ ਪੁੱਤ ਵੱਲੋਂ ਹੋਈ ਇਸ ਗਲਤੀ ਲਈ ਦੁੱਖ ਜ਼ਾਹਰ ਕੀਤਾ।  

ਹੁਣ ਇਸ ਮਾਮਲੇ 'ਚ ਨੌਜਵਾਨ ਨਰੈਣ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸਹੀ-ਗ਼ਲਤ ਦਾ ਪਤਾ ਨਹੀਂ, ਪਰ ਉਹ ਜਾਣਦਾ ਹੈ ਕਿ ਜੇਕਰ ਉਸ ਨੇ ਪੱਗ ਨਾ ਉਤਾਰੀ ਹੁੰਦੀ ਤਾਂ ਇਹ ਉਸ ਦੇ ਪੈਰਾਂ ਵਿਚ ਡਿੱਗ ਜਾਣੀ ਸੀ ਅਤੇ ਇਸ ਦੀ ਬੇਅਦਬੀ ਹੋਣੀ ਸੀ, ਇਸੇ ਲਈ ਉਸ ਨੇ ਇਸ ਨੂੰ ਸਤਿਕਾਰ ਨਾਲ ਉਤਾਰ ਕੇ ਰੱਖ ਦਿੱਤਾ। ਉਸ ਤੋਂ ਬਾਅਦ ਉਸੇ ਦਿਨ ਗੁਰੂ ਘਰ ਜਾ ਕੇ ਮੁਆਫ਼ੀ ਮੰਗੀ।